ਜੈਤੋ, 20 ਜੂਨ (ਗੁਰਚਰਨ ਸਿੰਘ ਗਾਬੜੀਆ)-ਖੇਤੀ ਵਿਰਾਸਤ ਮਿਸ਼ਨ ਦੇ ਮੁੱਖ ਦਫ਼ਤਰ ਕਿਸਾਨ ਭਵਨ ਜੈਤੋ ਵਿਖੇ ਪਹਿਲੀ ਵਾਰ ਦੇਸੀ ਕਪਾਹ ਤੋਂ ਬਣੇ ਖਾਦੀ ਕੱਪੜੇ ਦੀ ਪ੍ਰਦਰਸ਼ਨੀ ਅੱਜ ਸ਼ੁਰੂ ਹੋਈ। ਇਸ ਪ੍ਰਦਰਸ਼ਨੀ ਦਾ ਉਦਘਾਟਨ ਨਗਰ ਕੌਂਸਲ ਜੈਤੋ ਦੇ ਸਾਬਕਾ ਪ੍ਰਧਾਨ ਅਤੇ ਕੌਂਸਲਰ ਹਰੀਸ਼ ਗੋਇਲ, ਲਾਇਨਜ਼ ਕਲੱਬ ਜੈਤੋ ਗੰਗਸਰ ਦੇ ਪ੍ਰਧਾਨ ਕੁਲਭੂਸ਼ਨ ਮਹੇਸ਼ਵਰੀ ਅਤੇ ਨਰੇਸ਼ ਜਿੰਦਲ (ਬਾਲਾ ਜੀ ਆਇਲਜ਼ ਮਿੱਲ) ਨੇ ਕੀਤਾ। ਇਸ ਮੌਕੇ ਖੇਤੀ ਵਿਰਾਸਤ ਮਿਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਉਮੇਂਦਰ ਦੱਤ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਦੱਸਿਆ ਕਿ ਮਿਸ਼ਨ ਪਿਛਲੇ ਦੋ ਦਹਾਕਿਆਂ ਤੋਂ ਕੁਦਰਤੀ ਖੇਤੀ ਅਤੇ ਜ਼ਹਿਰ ਮੁਕਤ ਖਾਣੇ-ਬਾਣੇ ਦੀ ਗੱਲ ਕਰਦਾ ਆ ਰਿਹਾ ਹੈ। ਇਸੇ ਹੀ ਲੜੀ ਵਿਚ ਮਿਸ਼ਨ ਨੇ ਪਿਛਲੇ ਕੁਝ ਅਰਸੇ ਤੋਂ ਜ਼ਹਿਰ ਮੁਕਤ ਦੇਸੀ ਕਪਾਹ ਅਤੇ ਨਰਮੇ ਤੋਂ ਕੱਪੜਾ ਬਣਾਉਣਾ ਸ਼ੁਰੂ ਕੀਤਾ ਹੈ। ਇਸ ਨਾਲ ਜਿੱਥੇ ਲੁਪਤ ਹੋ ਰਹੀ ਬੁਣਕਰ ਵਿਰਾਸਤ ਨੂੰ ਮੁੜ ਸੰਭਾਲ ਮਿਲੀ ਹੈ ਉਥੇ ਨਰਮਾ ਪੱੱਟੀ ਦੇ ਨਰਮਾ ਕਪਾਹ ਉਤਪਾਦਕਾਂ ਨੂੰ ਵੀ ਉਤਸ਼ਾਹ ਮਿਲਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਨਵ ਤਿ੍ਰੰਝਣ ਦਾ ਬਣਿਆ ਦੇਸੀ ਕੱਪੜਾ ਸਾਰੇ ਟੈਸਟਾਂ ਵਿਚ ਸਹੀ ਪਾਇਆ ਗਿਆ ਹੈ ਅਤੇ ਇਸ 100 ਫੀਸਦੀ ਸ਼ੁੱਧ ਹੈ। ਨਵ ਤਿ੍ਰੰਝਣ ਦੀ ਨਿਰਦੇਸ਼ਕ ਰੂਪਸੀ ਗਰਗ ਨੇ ਤਿ੍ਰੰਝਣ ਦੀ ਯਾਤਰਾ ਅਤੇ ਇਸ ਦੁਆਰਾ ਕਪਾਹ ਦੇ ਉਤਪਾਦਨ ਤੋਂ ਕਂੱਪੜਾ ਬਣਾਉਣ ਦੀ ਪੂਰੀ ਪ੍ਰਕਿਰਿਆ ਤੋਂ ਜਾਣੂੰ ਕਰਵਾਇਆ। ਉਨ੍ਹਾਂ ਦੱਸਿਆ ਕਿ ਕਬੀਰ ਜਯੰਤੀ ਦੇ ਸਬੰਧ ਵਿਚ ਲਾਈ ਇਹ ਪ੍ਰਦਰਸ਼ਨੀ 28 ਜੂਨ ਤੱਕ ਚੱਲੇਗੀ ਅਤੇ ਇਸ ਦੌਰਾਨ ਸਾਰੇ ਉਦਪਾਦਾਂ ‘ਤੇ 15 ਫੀਸਦੀ ਛੂਟ ਦਿੱਤੀ ਜਾ ਰਹੀ ਹੈ। ਇਸ ਮੌਕੇ ਹਰੀਸ਼ ਗੋਇਲ ਨੇ ਖੇਤੀ ਵਿਰਾਸਤ ਮਿਸ਼ਨ ਦੇ ਇਸ ਉੱਦਮ ਦੀ ਸ਼ਲਾਘਾ ਕੀਤੀ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਵਿਰਾਸਤ ਨੂੰ ਸੰਭਾਨਣ ਦੇ ਇਸ ਸੁਚੱਜੇ ਉੱਦਮ ਨੂੰ ਉਤਸਾਹਿਤ ਕਰੇ। ਕੁਲਭੂਸ਼ਨ ਮਹੇਸ਼ਵਰੀ, ਰਾਕੇਸ਼ ਰੋਮਾਣਾ (ਪ੍ਰਜੈਕਟ ਚੇਅਰਮੈਨ ਲਾਇਨਜ਼ ਕਲੱਬ ਜੈਤੋ ਗੰਗਸਰ), ਸੰਦੀਪ ਸ਼ਰਮਾ ਟੋਨੀ (ਪ੍ਰਧਾਨ ਸ਼੍ਰੀ ਰਾਮਾ ਕ੍ਰਿਸ਼ਨਾ ਡਰਾਮਾਟਿਕ ਕਲੱਬ ਜੈਤੋ), ਨਰੇਸ਼ ਜਿੰਦਲ (ਸ਼੍ਰੀ ਬਾਲਾ ਜੀ ਆਇਲ) ਅਤੇ ਸਤੀਸ਼ ਮਿੱਤਲ (ਗੁਰੂ ਨਾਨਕ ਪਾਈਪ ਸਟੋਰ) ਨੇ ਵੀ ਇਸ ਕਾਰਜ ਦੀ ਸ਼ਲਾਘਾ ਕੀਤੀ ਅਤੇ ਇਸ ਨੂੰ ਹੋਰ ਅੱਗੇ ਵਧਾਉਣ ਲਈ ਭਰਪੂਰ ਸਹਿਯੋਗ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਆਰਵੀ ਸ਼ਾਂਤੀ ਨਗਰ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਹਰਜੀਤ ਸਿੰਘ, ਸਾਬਕਾ ਨਗਰ ਕੌਂਸਲਰ ਪ੍ਰਦੀਪ ਸਿੰਗਲਾ, ਨਰੇਸ਼ ਮਿੱਤਲ, ਸ਼ਿੰਦਰ ਕੌਰ ਅਤੇ ਗੁਰਮੀਤ ਕੌਰ ਆਦਿ ਮੌਜੂਦ ਸਨ।