ਸ੍ਰੀ ਮੁਕਤਸਰ ਸਾਹਿਬ, 1 ਜੁਲਾਈ (ਹਰਮਹਿੰਦਰ ਪਾਲ)-ਅੱਤ ਦੀ ਗਰਮੀ ’ਚ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਵਾਸੀਆਂ ਦੇ ਘਰਾਂ ’ਚੋਂ ਪਾਣੀ ਮੁੱਕ ਗਿਆ ਹੈ। ਜਲਘਰ ਵਲੋਂ ਪਾਣੀ ਨਹੀਂ ਛੱਡਿਆ ਜਾ ਰਿਹਾ। ਧਰਤੀ ਹੇਠਲਾ ਪਾਣੀ ਮਾੜਾ ਹੋਣ ਕਰਕੇ ਪੀਣ ਅਤੇ ਕੱਪੜੇ ਧੋਣ ਦੇ ਕੰਮ ਨਹੀਂ ਆਉਂਦਾ। ਲੋਕ ਡਾਢੇ ਪ੍ਰੇਸ਼ਾਨ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਸਾਬਕਾ ਪ੍ਰਧਾਨ ਐਡਵੋਕੇਟ ਬਲਦੇਵ ਸਿੰਘ ਸਿਵੀਆ ਨੇ ਦੱਸਿਆ ਕਿ ਇਕ ਹਫ਼ਤੇ ਤੋਂ ਪਾਣੀ ਬੰਦ ਹੈ। ਕੋਈ ਅਧਿਕਾਰੀ ਸੁਣਵਾਈ ਨਹੀਂ ਕਰ ਰਿਹਾ। ਸਾਬਕਾ ਕੌਂਸਲਰ ਜਿੰਮੀ ਫ਼ੱਤਣਵਾਲਾ ਨੇ ਦੱਸਿਆ ਕਿ ਵਾਟਰ ਵਰਕਸ ਦੀਆਂ ਡਿੱਗੀਆਂ ਪਾਣੀ ਨਾਲ ਭਰੀਆਂ ਹਨ, ਪਰ ਲੋਕਾਂ ਦੇ ਘਰਾਂ ਦੀਆਂ ਡਿੱਗੀਆਂ ਖ਼ਾਲ੍ਹੀ ਹਨ। ਉਤੋਂ ਗਰਮੀ ਵਿਚ ਪਾਣੀ ਦੀ ਜ਼ਿਆਦਾ ਲੋੜ ਹੈ। ਆਦਮੀ ਤਾਂ ਕੀ ਪਸ਼ੂਆਂ ਲਈ ਵੀ ਪੀਣ ਵਾਲਾ ਪਾਣੀ ਨਹੀਂ ਹੈ। ਕੌਂਸਲਰ ਕਰਮਜੀਤ ਕਰਮਾ ਨੇ ਦੱਸਿਆ ਕਿ ਪਿਛਲੇ ਮਹੀਨੇ ਪਾਣੀ ਇਸ ਕਰਕੇ ਨਹੀਂ ਛੱਡਿਆ ਗਿਆ ਕਿ ਪਾਣੀ ਦੀ ਬੰਦੀ ਹੈ। ਹੁਣ ਜਦੋਂ ਡਿੱਗੀਆਂ ਭਰ ਗਈਆਂ ਹਨ ਤਾਂ ਕਾਮਿਆਂ ਦੀ ਹੜਤਾਲ ਦਾ ਕਹਿਕੇ ਅਧਿਕਾਰੀ ਪੱਲਾ ਛੁਡਾ ਰਹੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪਾਣੀ ਨਾ ਛੱਡਿਆ ਗਿਆ ਤਾਂ ਉਹ ਵੱਡਾ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ। ਇਸ ਮੌਕੇ ਸ਼ਹਿਰ ਵਾਸੀਆਂ ਨੇ ਕਾਰਜਕਾਰੀ ਇੰਜੀਨੀਅਰ ਦੇ ਦਫ਼ਤਰ ਜਾ ਕੇ ਵੀ ਆਪਣੀ ਮੰਗ ਦਰਜ ਕਰਵਾਈ। ਇਸ ਦੌਰਾਨ ਹੜਤਾਲੀ ਕਰਮਚਾਰੀਆਂ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ ਉਹ ਲੰਮੇ ਸਮੇਂ ਤੋਂ ਮਹਿਕਮੇ ਨੂੰ ਆਪਣੀਆਂ ਮੰਗਾਂ ਦੀ ਪੂਰਤੀ ਲਈ ਅਪੀਲਾਂ ਕਰ ਰਹੇ ਹਨ, ਪਰ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ, ਇਸ ਲਈ ਉਹ ਸੰਘਰਸ਼ ਲਈ ਮਜ਼ਬੂਰ ਹੋ ਗਏ ਹਨ। ਇਸ ਦੌਰਾਨ ਕਾਰਜਕਾਰੀ ਇੰਜੀਨੀਅਰ ਕੇਵਲ ਗਰਗ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ ਕਾਮਿਆਂ ਦੀ ਹੜਤਾਲ ਖੁੱਲ੍ਹਵਾਉਣ ਵਾਸਤੇ ਉਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਉਮੀਦ ਹੈ ਜਲਦੀ ਹੜਤਾਲ ਖ਼ਤਮ ਹੋ ਜਾਵੇਗੀ।