ਕੋਟਕਪੂਰਾ, 1 ਜੁਲਾਈ (ਮੋਹਰ ਸਿੰਘ ਗਿੱਲ)-ਸਥਾਨਕ ਪੁਰਾਣੀ ਜੈਤੋ ਚੁੰਗੀ ਨੇੜੇ ਸ਼ਹੀਦ ਭਗਤ ਸਿੰਘ ਰੋਡ ਵਿਖੇ ਡਾ. ਸਿਮਰ ਕਟਾਰੀਆ ਹਸਪਤਾਲ ਵਿਖੇ ਲੜਕੀਆਂ ਅਤੇ ਔਰਤਾਂ ਦੀ ਸਿਹਤ ਤੰਦਰੁਸਤ ਲਈ ਲੱਗੇ ਮੁਫ਼ਤ ਜਾਂਚ ਕੈਂਪ ਮੌਕੇ ਮਾਹਿਰ ਡਾਕਟਰ ਨੇਹਾ ਕਟਾਰੀਆ ਦੀ ਅਗਵਾਈ ਵਾਲੀ ਟੀਮ ਵਲੋਂ 100 ਤੋਂ ਜ਼ਿਆਦਾ ਮਰੀਜ਼ਾਂ ਦੀ ਜਾਂਚ ਕੀਤੀ ਗਈ। ਕੈਂਪ ਦਾ ਉਦਘਾਟਨ ਗੁੱਡ ਮੌਰਨਿੰਗ ਵੈਲਫੇਅਰ ਕਲੱਬ ਦੇ ਸੰਸਥਾਪਕ ਗੁਰਿੰਦਰ ਸਿੰਘ ਮਹਿੰਦੀਰੱਤਾ ਵਲੋਂ ਫ਼ੀਤਾ ਕੱਟ ਕੇ ਕੀਤਾ ਗਿਆ। ਇਸ ਮੌਕੇ ਨੰਬਰਦਾਰ ਸੁਖਵਿੰਦਰ ਸਿੰਘ ਪੱਪੂ ਅਤੇ ਕਟਾਰੀਆ ਲੈਬਾਰਟਰੀ ਦੇ ਸੰਚਾਲਕ ਡਾ. ਸੁਖਚੈਨ ਕਟਾਰੀਆ ਵੀ ਹਾਜ਼ਰ ਸਨ। ਡਾ.ਸਿਮਰ ਕਟਾਰੀਆ ਨੇ ਦੱਸਿਆ ਕਿ ਡਾ.ਨੇਹਾ ਕਟਾਰੀਆ ਬੀ.ਏ.ਐਮ.ਐਸ. (ਐਮ.ਡੀ.) ਵਲੋਂ ਔਰਤਾਂ ਦੀਆਂ ਬਿਮਾਰੀਆਂ ਦੀ ਜਾਂਚ ਕਰਨ ਉਪਰੰਤ ਉਨ੍ਹਾਂ ਨੂੰ 3 ਤੋਂ 5 ਦਿਨ ਤੱਕ ਦੀਆਂ ਲੋੜ ਅਨੁਸਾਰ ਮੁਫ਼ਤ ਦਵਾਈਆਂ ਵੀ ਮੁਹੱਈਆ ਕਰਵਾਈਆਂ ਗਈਆਂ। ਗੁੱਡ ਮੌਰਨਿੰਗ ਵੈਲਫੇਅਰ ਕਲੱਬ ਅਤੇ ਅਰੋੜਬੰਸ ਸਭਾ ਕੋਟਕਪੂਰਾ ਸਮੇਤ ਵੱਖ-ਵੱਖ ਸੰਸਥਾਵਾਂ ਨਾਲ ਸਬੰਧਿਤ ਸਮਾਜ ਸੇਵੀ ਡਾ. ਕੇ ਕੇ ਕਟਾਰੀਆ ਨੇ ਦੱਸਿਆ ਕਿ ‘ਤੰਦਰੁਸਤ ਸਰੀਰ-ਖੁਸ਼ਹਾਲ ਪਰਿਵਾਰ’ ਬੈਨਰ ਹੇਠ ਲਾਏ ਗਏ ਉਕਤ ਕੈਂਪ ਦੌਰਾਨ ਡਾ. ਨੇਹਾ ਕਟਾਰੀਆ ਵਲੋਂ ਔਰਤਾਂ ਦੇ ਸਰੀਰ ਨਾਲ ਸਬੰਧਿਤ ਸਾਰੀਆਂ ਬਿਮਾਰੀਆਂ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ। ਡਾ. ਨੇਹਾ ਕਟਾਰੀਆ ਅਤੇ ਡਾ. ਸਿਮਰ ਕਟਾਰੀਆ ਵਲੋਂ ਸਾਰੇ ਮੌਸਮਾਂ ’ਚ ਖਾਣ ਪੀਣ ਦੇ ਢੰਗ ਤਰੀਕਿਆਂ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਅਰਸ਼ਦੀਪ ਸਿੰਘ, ਅਨਮੋਲ ਸਿੰਘ, ਪ੍ਰੀਤ ਸਿੰਘ, ਸੁਖਦੀਪ ਸਿੰਘ, ਕੁਸ਼ਮ ਕੌਰ, ਰਚਨ ਕੌਰ ਆਦਿ ਨੇ ਲੈਬਾਰਟਰੀ ਲਈ ਸੇਵਾਵਾਂ ਨਿਭਾਈਆਂ।