ਫ਼ਰੀਦਕੋਟ, 8 ਜੁਲਾਈ (ਜਸਵੰਤ ਸਿੰਘ ਪੁਰਬਾ)-ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਫ਼ਰੀਦਕੋਟ ਦੇ ਅਧੀਨ ਚੱਲ ਰਹੇ ਯੂਨੀਵਰਸਿਟੀ ਇੰਸਟੀਚਿਊਟ ਆਫ਼ ਐਲਾਇਡ ਐਂਡ ਹੈਲਥ ਕੇਅਰ ਸਾਇੰਸਿਜ਼ ਫ਼ਰੀਦਕੋਟ ਵਲੋਂ ਅੱਜ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਦੇ ਆਡੀਟੋਰੀਅਮ ਵਿਚ ਨਵੇਂ ਵਿਦਿਆਰਥੀਆਂ ਦੇ ਸਵਾਗਤ ਲਈ ਫਰੈਸ਼ਰਜ਼ ਪਾਰਟੀ ‘ਆਗਾਜ਼-ਏ-ਸਫ਼ਰ’ ਬਹੁਤ ਹੀ ਉਤਸ਼ਾਹ, ਰੰਗਾਰੰਗ ਸੱਭਿਆਚਾਰਕ ਪੇਸ਼ਕਾਰੀਆਂ ਅਤੇ ਖੁਸ਼ਗਵਾਰ ਮਾਹੌਲ ਵਿਚ ਕੀਤੀ ਗਈ। ਸਮਾਗਮ ਦੇ ਮੁੱਖ ਮਹਿਮਾਨ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਰਾਜੀਵ ਸੂਦ ਸਨ। ਸਮਾਗਮ ਦੌਰਾਨ ਵਿਦਿਆਰਥੀਆਂ ਵਲੋਂ ਪੰਜਾਬੀ ਸੱਭਿਆਚਾਰ ਦੀ ਝਲਕ ਪੇਸ਼ ਕਰਦਿਆਂ ਗਿੱਧੇ, ਭੰਗੜੇ ਅਤੇ ਹੋਰ ਮਨੋਰੰਜਕ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ। ਇਸ ਮੌਕੇ ਬਲਰਾਜ ਕੌਰ ਨੂੰ ਮਿਸ ਫਰੈਸ਼ਰ 2026 ਅਤੇ ਮਨਪ੍ਰੀਤ ਸਿੰਘ ਨੂੰ ਮਿਸਟਰ ਫਰੈਸ਼ਰ 2026 ਦਾ ਖਿਤਾਬ ਦਿੱਤਾ ਗਿਆ। ਪ੍ਰਿੰ. ਡਾ. ਜਸਬੀਰ ਕੌਰ ਯੂਨੀਵਰਸਿਟੀ ਇੰਸਟੀਚਿਊਟ ਆਫ ਐਲਾਇਡ ਐਂਡ ਹੈਲਥ ਕੇਅਰ ਸਾਇੰਸਿਜ਼ ਨੇ ਨਵੇਂ ਵਿਦਿਆਰਥੀਆਂ ਦਾ ਬਾਬਾ ਫ਼ਰੀਦ ਯੂਨੀਵਰਸਿਟੀ ਪਰਿਵਾਰ ਵਿਚ ਨਿੱਘਾ ਸਵਾਗਤ ਕੀਤਾ। ਪ੍ਰੋ. (ਡਾ.) ਰਾਜੀਵ ਸੂਦ ਨੇ ਕਿਹਾ ਕਿ ਅੱਜ ਦਾ ਦਿਨ ਨਵੇਂ ਵਿਦਿਆਰਥੀਆਂ ਦੇ ਜੀਵਨ ਦਾ ਇਕ ਮਹੱਤਵਪੂਰਨ ਮੀਲ ਪੱਥਰ ਹੈ, ਕਿਉਂਕਿ ਉਨ੍ਹਾਂ ਨੇ ਅਜਿਹਾ ਪੇਸ਼ਾ ਚੁਣਿਆ ਹੈ ਜਿਸ ਦਾ ਮੂਲ ਉਦੇਸ਼ ਦੁਖੀ ਅਤੇ ਲੋੜਵੰਦ ਮਨੁੱਖਤਾ ਦੀ ਸੇਵਾ ਕਰਨਾ ਹੈ। ਇਸ ਮੌਕੇ ਡਾ. ਰੋਹਿਤ ਚੋਪੜਾ ਐਡੀਸ਼ਨਲ ਰਜਿਸਟਰਾਰ, ਡਾ. ਸੀਮਾ ਗਰੋਵਰ ਭੱਟੀ ਪ੍ਰਿੰਸੀਪਲ, ਡਾ. ਸੰਜੇ ਗੁਪਤਾ, ਸਮੀਰ ਕਾਂਤ ਆਹੂਜਾ ਲਾਇਜ਼ਨ ਅਫ਼ਸਰ, ਕਾਲਜ ਦੇ ਫੈਕਲਟੀ ਮੈਂਬਰਾਂ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ।