ਕੋਟਕਪੂਰਾ, 8 ਜੁਲਾਈ (ਮੋਹਰ ਸਿੰਘ ਗਿੱਲ)-ਸਥਾਨਕ ਸ੍ਰੀ ਮੁਕਤਸਰ ਸਾਹਿਬ ਰੋਡ ’ਤੇ ਸਥਿਤ ਬਿਜਲੀ ਦਫ਼ਤਰ ਦੇ ਦੁਕਾਨਦਾਰਾਂ ਅਤੇ ਵਾਰਡ ਨੰਬਰ 22 ਦੇ ਨਿਵਾਸੀਆਂ ਵਲੋਂ ਨਗਰ ਕੌਂਸਲ ਦੇ ਨਵੇਂ ਬਣੇ ਪ੍ਰਧਾਨ ਗੁਰਪ੍ਰੀਤ ਸਿੰਘ ਗੈਰੀ ਵੜਿੰਗ, ਸੀਨੀਅਰ ਮੀਤ ਪ੍ਰਧਾਨ ਸੇਵਾ ਮੁਕਤ ਸੁਪਰਡੈਂਟ ਸੁਖਜਿੰਦਰ ਸਿੰਘ ਤੱਖੀ ਅਤੇ ਮੀਤ ਪ੍ਰਧਾਨ ਅਨੀਤਾ ਅਰੋੜਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਵਾਰਡ ਵਾਸੀ ਵਰਿੰਦਰ ਕੁਮਾਰ, ਬਾਬੂ ਰਾਮ, ਗੁਰਬਿੰਦਰ ਕੌਰ ਨੇ ਪ੍ਰਧਾਨ ਗੈਰੀ ਵੜਿੰਗ ਨੂੰ ਦੱਸਿਆ ਕਿ ਨਗਰ ’ਚ ਪਿਛਲੇ ਲੰਬੇ ਸਮੇਂ ਤੋਂ ਗੰਦੇ ਪਾਣੀ ਦੀ ਨਿਕਾਸੀ ਸਹੀ ਢੰਗ ਨਾ ਹੋਣ ਕਾਰਨ ਲੋਕਾਂ ਨੂੰ ਸਮੱਸਿਆ ਪੇਸ਼ ਆਉਂਦੀ ਹੈ। ਪ੍ਰਧਾਨ ਨੇ ਭਰੋਸਾ ਦਿਵਾਇਆ ਕਿ ਉਕਤ ਸਮੱਸਿਆ ਨੂੰ ਜਲਦੀ ਹੀ ਪਹਿਲ ਦੇ ਆਧਾਰ ’ਤੇ ਹੱਲ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸ਼ਹਿਰ ’ਚ ਟ੍ਰੈਫਿਕ ਦੀ ਸਮੱਸਿਆ ਨੂੰ ਲੈ ਕੇ ਸ਼ਹਿਰ ਦੀਆਂ ਵੱਖ-ਵੱਖ ਸਥਾਨਾਂ ’ਤੇ ਪਾਰਕਿੰਗ ਬਣਾਈ ਜਾ ਰਹੀ ਹੈ। ਸੀਨੀਅਰ ਮੀਤ ਪ੍ਰਧਾਨ ਸੁਖਜਿੰਦਰ ਸਿੰਘ ਤੱਖੀ ਨੇ ਕਿਹਾ ਕਿ ਸ਼ਹਿਰ ’ਚ ਕੁਝ ਅਹਿਮ ਸਥਾਨਾਂ ’ਤੇ ਹੋਰਡਿੰਗ ਲਗਾਉਣੇ ਬੰਦ ਕਰਵਾਏ ਜਾਣਗੇ। ਇਸ ਮੌਕੇ ਲੈਕਚਰਾਰ ਯੁਗੇਸ਼ ਰਾਜਪੂਤ, ਗੁਰਪ੍ਰੀਤ ਸਿੰਘ, ਗੁਰਮੀਤ ਸਿੰਘ ਦੁਆਰੇਆਣਾ, ਹਨੀ ਸਿੰਘ, ਰਾਜ ਕੁਮਾਰ ਪਾਲ, ਤਰਸੇਮ ਚੋਪੜਾ, ਤਾਰੁਣ ਵਰਮਾ, ਅਰਸ਼ਦੀਪ ਸਿੰਘ ਫ਼ੌਜੀ, ਕਮਲਜੀਤ ਸਿੰਘ, ਨਰਿੰਦਰ ਪਾਲ, ਸ਼ਿਵ ਸ਼ਰਮਾ, ਬੰਟੀ ਬਜਾਜ, ਸਤਪਾਲ ਸਮੇਤ ਹੋਰ ਵੀ ਮੁਹੱਲਾ ਨਿਵਾਸੀ ਹਾਜ਼ਰ ਸਨ।