ਫ਼ਰੀਦਕੋਟ, 10 ਜੁਲਾਈ (ਸਰਬਜੀਤ ਸਿੰਘ)-ਪਿਛਲੇ ਲਗਪਗ ਦੋ ਮਹੀਨਿਆਂ ਤੋਂ ਫ਼ਰੀਦਕੋਟ ਸ਼ਹਿਰ ਵਿਚ ਸਫ਼ਾਈ ਦਾ ਕੰਮ ਨਾ ਹੋਣ ਕਾਰਨ ਅਤੇ ਕੂੜਾ ਨਾ ਚੁੱਕੇ ਜਾਣ ਕਾਰਨ ਸ਼ਹਿਰ ਵਿਚ ਇਸ ਸਮੇਂ ਐਮਰਜੈਂਸੀ ਵਾਲੇ ਹਾਲਾਤ ਬਣਦੇ ਨਜ਼ਰ ਆ ਰਹੇ ਹਨ। ਸ਼ਹਿਰ ਵਿਚ ਜਗ੍ਹਾ ਜਗ੍ਹਾ ਕੂੜੇ ਦੇ ਅੰਬਰੀ ਢੇਰ ਲੱਗੇ ਹੋਏ ਹਨ ਅਤੇ ਨਾਲੀਆਂ ਦਾ ਗੰਦਾ ਪਾਣੀ ਸੜਕਾਂ ’ਤੇ ਭਰਿਆ ਪਿਆ ਹੈ। ਲੋਕਾਂ ਦਾ ਰਹਿਣਾ ਇਸ ਸ਼ਹਿਰ ਵਿਚ ਦੁੱਬਰ ਹੋਇਆ ਪਿਆ ਹੈ। ਸਥਾਨਕ ਹੁੱਕੀ ਚੌਂਕ, ਤਲਾਬ ਵਾਲਾ ਮਹੁੱਲਾ, ਵਾਲਮੀਕੀ ਚੌਂਕ ਤੋਂ ਲੱਗ ਕੇ ਬੱਸ ਸਟੈਂਡ ਤੱਕ ਸੜਕ ਅਤੇ ਸ਼ਹਿਰ ਦੇ ਹੋਰ ਮੁਹੱਲਿਆਂ ਵਿਚ ਨਾਲੀਆਂ ਦੇ ਗੰਦੇ ਪਾਣੀ ਨਾਲ ਭਰੀ ਪਈ ਹੈ। ਲੋਕਾਂ ਦਾ ਇਥੋਂ ਲੰਘਣਾ ਟੱਪਣਾ ਮੁਸ਼ਿਕਲ ਹੋ ਗਿਆ ਹੈ। ਪ੍ਰਸ਼ਾਸ਼ਨ ਅਤੇ ਸਰਕਾਰ ਕੰਭਕਰਨ ਦੀ ਨੀਂਦ ਸੁੱਤੇ ਪਏ ਹਨ ਅਤੇ ਮਹਾਂਮਾਰੀ ਫੈਲਣ ਦਾ ਇੰਤਜ਼ਾਰ ਕਰ ਰਹੇ ਹਨ। ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਸ਼ਹਿਰ ਵਿਚ ਐਮਰਜੈਂਸੀ ਸੇਵਾਵਾਂ ਬਹਾਲ ਕਰਦੇ ਹੋਏ ਪ੍ਰਸਾਸ਼ਨ ਕੂੜੇ ਅਤੇ ਬੰਦ ਪਈਆਂ ਨਾਲੇ ਨਾਲੀਆਂ ਤੋਂ ਨਿਜਾਤ ਦਿਵਾਏ। ਉਧਰ ਧਰਨੇ ’ਤੇ ਬੈਠੇ ਸਫ਼ਾਈ ਸੇਵਕਾਂ ਵਲੋਂ ਅੱਜ ਵੀ ਧਰਨਾ ਜਾਰੀ ਰੱਖਦੇ ਹੋਏ ਆਪਣੀਆਂ ਮੰਗਾਂ ਪੂਰੀਆਂ ਕਰਨ ਲਈ ਸਰਕਾਰ ਨੂੰ ਚੇਤਾਵਨੀਆਂ ਦਿੱਤੀਆਂ ਜਾ ਰਹੀਆਂ ਹਨ। ਸਫ਼ਾਈ ਸੇਵਕ ਪ੍ਰਧਾਨ ਸੰਤ ਰਾਮ, ਵਿੱਕੀ ਗੈਚੰਡ ਜ਼ਿਲ੍ਹਾ ਸੱਕਤਰ, ਮਨਦੀਪ ਕੁਮਾਰ, ਨਿਸ਼ਾਨ ਸਿੰਘ, ਅਸ਼ਵਨੀ ਤੇ ਕੁਲਦੀਪ ਸ਼ਰਮਾ ਨੇ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਇਸ ਮੌਕੇ ਦੀ ਸਭ ਤੋਂ ਮਾੜੀ ਸਰਕਾਰ ਸਾਬਿਤ ਹੋਈ ਹੈ। ਉਨ੍ਹਾਂ ਕਿਹਾ ਕਿ ਵਾਰ ਵਾਰ ਨੋਟੀਫਿਕੇਸ਼ਨਾਂ ਕਰਨ ਤੋਂ ਬਾਅਦ ਵੀ ਉਨ੍ਹਾਂ ਦੀਆਂ ਮੰਗਾਂ ਜਿਊਂ ਦੀਆਂ ਤਿਉਂ ਹੈ, ਜਿਸ ਤੋਂ ਸਿੱਧ ਹੁੰਦਾ ਹੈ ਕਿ ਮਾਨ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਸੰਬੰਧੀ ਗੰਭੀਰ ਨਹੀਂ ਹੈ ਅਤੇ ਨਾ ਹੀ ਮੰਗਾਂ ਲਾਗੂ ਕਰਨ ਦੀ ਸਰਕਾਰ ਦੀ ਕੋਈ ਮਨਸ਼ਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ ਹੈ ਤਾਂ ਅਗਲਾ ਸਖਤ ਐਕਸ਼ਨ ਲਿਆ ਜਾਵੇਗਾ। ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਪ੍ਰਸਾਸ਼ਨ ਵਿਸ਼ੇਸ਼ ਸੇਵਾਵਾਂ ਲਾ ਕੇ ਸ਼ਹਿਰ ਵਿਚੋਂ ਕੁੜੇ ਦੇ ਢੇਰ ਚੁਕਾਵੇ ਤਾਂ ਕਿ ਸ਼ਹਿਰ ਵਾਸੀ ਸੌਖਾ ਸਾਹ ਲੈ ਸਕਣ।
ਕੂੜਾ ਤੇ ਗੰਦੇ ਪਾਣੀ ਨਾਲ ਫ਼ਰੀਦਕੋਟ ਸ਼ਹਿਰ ’ਚ ਬਣੇ ਐਮਰਜੈਂਸੀ ਵਾਲੇ ਹਾਲਾਤ
ਅਜੀਤ ਡੈਸਕ
11-07-2026