ਇਹ ਪੜਾਅ ਨਸ਼ਿਆਂ ਦੇ ਖ਼ਤਰੇ ਦੀ ਰੀੜ੍ਹ 'ਤੇ ਵੱਡਾ ਹਮਲਾ ਕਰੇਗਾ-ਮਾਨ
ਚੰਡੀਗੜ੍ਹ, 27 ਜਨਵਰੀ (ਅਜੀਤ ਬਿਊਰੋ)-ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦਾ ਦੂਜਾ ਪੜਾਅ ਨਸ਼ਿਆਂ ਦੀ ਸਮੱਸਿਆ ਦੀ ਰੀੜ੍ਹ 'ਤੇ ਹਮਲਾ ਕਰਨ ਲਈ ਤਿਆਰ ਹੈ ਅਤੇ ਸੂਬਾ ਸਰਕਾਰ ਪਿੰਡ ਪੱਧਰ 'ਤੇ ਲੋਕਾਂ ਨੂੰ ਲਾਮਬੰਦ ਕਰਕੇ ਅਤੇ ਪੰਜਾਬ ਭਰ ਵਿਚ ਜਨਤਕ ਭਾਗੀਦਾਰੀ ਵਧਾ ਕੇ ਨਸ਼ਿਆਂ ਵਿਰੁੱਧ ਆਪਣੀ ਹੁਣ ਤੱਕ ਦੀ ਸਭ ਤੋਂ ਜ਼ੋਰਦਾਰ ਜਨਤਕ ਮੁਹਿੰਮ ਨੂੰ ਤੇਜ਼ ਕਰਨ ਦੀ ਤਿਆਰੀ ਕਰ ਰਹੀ ਹੈ | 'ਯੁੱਧ ਨਸ਼ਿਆਂ ਵਿਰੁੱਧ' ਦੇ ਦੂਜੇ ਪੜਾਅ ਦੀ ਤਰੱਕੀ ਦੀ ਸਮੀਖਿਆ ਕਰਦਿਆਂ ਮੁੱਖ ਮੰਤਰੀ ਦੇ ਐਲਾਨ ਕੀਤਾ ਕਿ ਅਗਲੇ ਮਹੀਨੇ 'ਵਿਲੇਜ ਡਿਫੈਂਸ ਕਮੇਟੀਆਂ' (ਵੀ.ਡੀ.ਸੀਜ਼.) ਦੀ ਵੱਡੀ ਸੂਬਾ ਪੱਧਰੀ ਮੀਟਿੰਗ ਕੀਤੀ ਜਾਵੇਗੀ ਤਾਂ ਕਿ ਮੁਹਿੰਮ ਨੂੰ ਨਵੀਂ ਗਤੀ ਤੇ ਦਿਸ਼ਾ ਦਿੱਤੀ ਜਾ ਸਕੇ, ਜੋ ਕਿ ਸਰਕਾਰ ਦੇ ਨਸ਼ਾ ਵਿਰੋਧੀ ਮੁਹਿੰਮ ਨੂੰ ਲੋਕ-ਅਗਵਾਈ ਵਾਲੀ ਲਹਿਰ ਵਿਚ ਬਦਲਣ ਦੇ ਇਰਾਦੇ ਦਾ ਸੰਕੇਤ ਹੈ | 'ਯੁੱਧ ਨਸ਼ਿਆਂ ਵਿਰੁੱਧ' ਦੇ ਦੂਜੇ ਪੜਾਅ ਨੂੰ ਲਾਗੂਕਰਨ ਦੀ ਸਮੀਖਿਆ ਲਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਨਸ਼ੇ ਵਿਸ਼ਵਵਿਆਪੀ ਵਰਤਾਰਾ ਹੈ ਪਰ ਦੁਨੀਆ ਭਰ ਵਿਚ ਕਿਤੇ ਵੀ ਇਸ ਬੁਰਾਈ ਵਿਰੁੱਧ ਜੰਗ ਇੰਨੇ ਜ਼ੋਰਦਾਰ ਢੰਗ ਨਾਲ ਸ਼ੁਰੂ ਨਹੀਂ ਕੀਤੀ ਗਈ ਹੈ | ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ 'ਵਿਲੇਜ ਡਿਫੈਂਸ ਕਮੇਟੀਆਂ' (ਵੀ.ਡੀ.ਸੀਜ਼) ਦੇ ਰੂਪ ਵਿਚ 'ਪਿੰਡਾਂ ਦੇ ਪਹਿਰੇਦਾਰ' ਦੀ 1.50 ਲੱਖ ਮੈਂਬਰਾਂ ਵਾਲੀ ਮਜ਼ਬੂਤ ਟੀਮ ਦਾ ਗਠਨ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਆਉਣ ਵਾਲੇ ਮਹੀਨੇ ਵੀ.ਡੀ.ਸੀਜ਼. ਦੀ ਮੀਟਿੰਗ ਵਿਚ ਇਸ ਦੇ ਮੈਂਬਰਾਂ ਨੂੰ ਆਪਣੇ ਪਿੰਡਾਂ ਨੂੰ ਨਸ਼ਾ ਮੁਕਤ ਬਣਾਉਣ ਦਾ ਪ੍ਰਣ ਲੈਣਗੇ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਨੇਕ ਕਾਰਜ ਲਈ ਉਨ੍ਹਾਂ ਨੂੰ ਪੂਰਾ ਸਮਰਥਨ ਅਤੇ ਸਹਿਯੋਗ ਯਕੀਨੀ ਬਣਾਏਗੀ | ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਦੇ ਸਰਗਰਮ ਸਮਰਥਨ ਨਾਲ 'ਯੁੱਧ ਨਸ਼ਿਆਂ ਵਿਰੁੱਧ' ਦਾ ਦੂਜਾ ਪੜਾਅ ਪਹਿਲੇ ਪੜਾਅ ਨਾਲੋਂ ਵੀ ਵੱਧ ਸਫ਼ਲ ਹੋਵੇਗਾ ਅਤੇ ਪੰਜਾਬ ਇਸ ਮੁਹਿੰਮ ਦੇ ਹਿੱਸੇ ਵਜੋਂ ਸਫ਼ਲਤਾ ਦੀ ਨਵੀਂ ਕਹਾਣੀ ਲਿਖਣ ਲਈ ਤਿਆਰ ਹੈ | ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਨੇ ਇਸ ਲੋਕ ਲਹਿਰ ਨੂੰ ਸਫ਼ਲਤਾਪੂਰਵਕ ਪੂਰਾ ਕਰਕੇ ਮਿਸਾਲ ਕਾਇਮ ਕੀਤੀ ਹੈ | ਇਸ ਮੌਕੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਹੋਰ ਵੀ ਹਾਜ਼ਰ ਸਨ |
ਮੁੱਖ ਮੰਤਰੀ ਵਲੋਂ 'ਯੁੱਧ ਨਸ਼ਿਆਂ ਵਿਰੁੱਧ' ਦੇ ਦੂਜੇ ਪੜਾਅ ਦੀ ਪ੍ਰਗਤੀ ਦਾ ਜਾਇਜ਼ਾ
ਅਜੀਤ ਡੈਸਕ
28-01-2026