ਸੰਗਰੂਰ, 27 ਜਨਵਰੀ (ਅਮਨਦੀਪ ਸਿੰਘ ਬਿੱਟਾ)-ਪੰਜਾਬ ਰੋਡਵੇਜ਼ ਪਨਬਸ/ ਪੀ. ਆਰ. ਟੀ. ਸੀ. ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵਲੋਂ ਗਣਤੰਤਰ ਦਿਵਸ ਮੌਕੇ ਆਪਣੀਆਂ ਮੰਗਾਂ ਨੂੰ ਲੈ ਕੇ ਸਮੂਹ ਡਿਪੂਆਂ ਉਪਰ ਗੇਟ ਰੈਲੀਆਂ ਕੀਤੀਆਂ ਗਈਆਂ | ਸੰਗਰੂਰ ਡਿਪੂ ਦੇ ਗੇਟ ਵਿਖੇ ਬੋਲਦਿਆਂ ਸੂਬਾ ਜਤਿੰਦਰ ਸਿੰਘ ਗਿੱਲ ਦੀਦਾਰਗੜ੍ਹ ਨੇ ਕਿਹਾ ਕਿ ਦੇਸ਼ ਵਿਚ ਅੱਜ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ ਪਰ ਅੱਜ ਵੀ ਪੰਜਾਬ ਵਿਚ ਆਮ ਜਨਤਾ ਨੂੰ ਸੰਵਿਧਾਨ ਤਹਿਤ ਹੱਕਾਂ ਲਈ ਸ਼ਾਂਤਮਈ ਢੰਗ ਨਾਲ ਸੰਘਰਸ਼ ਕਰ ਕੇ ਮੰਗ ਕਰਨ ਦੀ ਆਜ਼ਾਦੀ ਨਹੀਂ ਹੈ ਅਤੇ ਬਣਦੇ ਹੱਕ ਨਹੀ ਦਿੱਤੇ ਜਾ ਰਹੇ | | ਡੀਪੂ ਪ੍ਰਧਾਨ ਹਰਪ੍ਰੀਤ ਸਿੰਘ ਗਰੇਵਾਲ, ਉਪ ਸੂਬਾ ਆਗੂ ਕਰਮਜੀਤ ਸਿੰਘ ਕਰਮਾ, ਖ਼ਜਾਨਚੀ ਸਤਵਿੰਦਰ ਸਿੰਘ ਜੇਜੀਆ, ਮੋਟਰ ਮਜ਼ਦੂਰ ਯੂਨੀਅਨ ਸੀਟੂ ਤੋਂ ਜਰਨਲ ਸੈਕਟਰੀ ਇੰਦਰਪਾਲ ਸਿੰਘ ਪੁੰਨਾਵਾਲ ਨੇ ਕਿਹਾ ਕਿ ਸਰਕਾਰੀ ਟਰਾਂਸਪੋਰਟ 'ਚੋਂ ਠੇਕੇਦਾਰ ਰੂਪੀ ਵਿਚੋਲੀਏ ਬਾਹਰ ਕੱਢਣ ਦੇ ਵਾਅਦੇ ਕਰਕੇ ਬਣੀ ਸਰਕਾਰ ਨੇ ਆਪਣੇ 4 ਸਾਲ ਦੇ ਸਮੇਂ ਵਿਚ ਤਿੰਨ ਠੇਕੇਦਾਰ ਬਦਲ ਦਿੱਤੇ ਹਨ ਅਤੇ ਹਰੇਕ ਠੇਕੇਦਾਰ ਨੇ 10-11 ਕਰੋੜ ਰੁਪਏ ਤੱਕ ਦੀ ਕੱਚੇ ਮੁਲਾਜ਼ਮਾਂ ਦੀ ਲੁੱਟ ਕੀਤੀ ਜਾ ਚੁੱਕੀ ਹੈ | ਉਪ ਪ੍ਰਧਾਨ ਲਖਵਿੰਦਰ ਸਿੰਘ ਬਿੱਟੂ, ਮੀਤ ਪ੍ਰਧਾਨ ਪੁਸ਼ਪਿੰਦਰ ਸਿੰਘ ਸਮਾਣਾ, ਪਰਮਿੰਦਰ ਸਿੰਘ ਜੱਸੜ, ਰਿੰਕੂ ਨਾਥ ਪਾਤੜਾਂ, ਗਗਨਦੀਪ ਸਿੰਘ ਤੋਗਾਵਾਲ, ਗੁਰਦੀਪ ਸਿੰਘ ਸੁਨਾਮ ਏਰੀਆ, ਬਲਜੀਤ ਸਿੰਘ ਨਵੀ ਭਰਤੀ ਪ੍ਰਧਾਨ, ਰਣਜੀਤ ਸਿੰਘ ਸਾਬਕਾ ਖ਼ਜਾਨਚੀ, ਹਰਸੇਵਕ ਸਿੰਘ ਪਾਤੜਾਂ ਵਰਕਸ਼ਾਪ ਨੇ ਬੋਲਦਿਆਂ ਕਿਹਾ ਕਿ ਅੱਜ ਸੰਵਿਧਾਨ ਨੂੰ ਛਿੱਕੇ ਟੰਗ ਕੇ ਪੰਜਾਬ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਨਾਲ ਰਲ ਕੇ ਟਰਾਂਸਪੋਰਟ ਮੁਲਾਜ਼ਮਾਂ 'ਤੇ ਨਾਜਾਇਜ਼ ਪਰਚੇ ਦਰਜ ਕੇ 307 ਵਰਗੀਆਂ ਹੋਰ ਅਨੇਕਾਂ ਧਰਾਵਾਂ ਲਗਾ ਕੇ ਆਵਾਜ਼ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਦੇ ਰੋਸ ਵਜੋਂ ਸੰਗਰੂਰ ਤੇ ਮੰਤਰੀਆਂ ਦੀ ਰਿਹਾਇਸ਼ 'ਤੇ ਪੱਕਾ ਧਰਨਾ ਦੇਣ ਸਮੇਤ 9 ਫਰਵਰੀ ਨੂੰ ਸਮੂਹ ਡੀਪੂ ਤੇ ਗੇਟ ਰੈਲੀਆਂ ਅਤੇ 12 ਫਰਵਰੀ ਨੂੰ ਮੁਕੰਮਲ ਹੜਤਾਲ ਕੀਤੀ ਜਾਵੇਗੀ |
ਪੀ.ਆਰ.ਟੀ.ਸੀ., ਪਨਬਸ ਦੇ ਕੱਚੇ ਕਾਮਿਆਂ ਵਲੋਂ ਸਾਰੇ ਡਿਪੂਆਂ ਵਿਖੇ ਗੇਟ ਰੈਲੀਆਂ <br/>
ਅਜੀਤ ਡੈਸਕ
28-01-2026