ਯੂਰਪ ਦੇ ਪ੍ਰਮੁੱਖ ਫ਼ੌਜੀ ਥਿੰਕ ਟੈਂਕ ਦੀ ਰਿਪੋਰਟ ਅਨੁਸਾਰ ਪਾਕਿ ਨੇ ਲਗਾਈ ਸੀ ਜੰਗਬੰਦੀ ਦੀ ਗੁਹਾਰ
ਹਰਜਿੰਦਰ ਸਿੰਘ ਲਾਲ
ਖੰਨਾ, 27 ਜਨਵਰੀ-ਹਾਲਾਂਕਿ, ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਕਰੀਬ ਡੇਢ ਦਰਜ਼ਨ ਵਾਰ-ਵਾਰ ਇਹ ਦਾਅਵਾ ਕਰ ਚੁੱਕੇ ਹਨ ਕਿ ਭਾਰਤ-ਪਾਕਿ ਵਿਚ ਹੋਈ ਜੰਗ ਨੂੰ ਉਨ੍ਹਾਂ ਨੇ ਰੁਕਵਾਇਆ ਸੀ ਪਰ ਭਾਰਤ ਦੇ ਗਣਤੰਤਰ ਦਿਵਸ ਦੇ ਮੌਕੇ ਜਦੋਂ ਯੂਰਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵੌਨ ਡੇਰ ਅਤੇ ਯੂਰਪੀਅਨ ਕੌਂਸਲ ਦੇ ਪ੍ਰਧਾਨ ਐਨਟਾਂਨਿਓ ਕੋਸਟਾ ਭਾਰਤ ਵਿਚ ਮੁੱਖ ਮਹਿਮਾਨ ਵਜੋਂ ਹਾਜ਼ਰ ਸਨ, ਉਸ ਵੇਲੇ ਹੀ ਯੂਰਪੀਅਨ ਯੂਨੀਅਨ ਦੇ ਪ੍ਰਮੁੱਖ ਦੇਸ਼ ਸਵਿਟਜ਼ਰਲੈਂਡ ਦੇ ਪ੍ਰਸਿੱਧ ਫ਼ੌਜੀ ਥਿੰਕ ਟੈਂਕ ਸੈਂਟਰ ਦੀ ਰਿਪੋਰਟ ਵਿਚ ਕਿਹਾ ਗਿਆ ਕਿ ਅਪਰੇਸ਼ਨ ਸੰਧੂਰ ਦੌਰਾਨ ਭਾਰਤੀ ਹਵਾਈ ਫ਼ੌਜ ਨੇ ਪਾਕਿਸਤਾਨ ਦੇ ਵੱਡੇ ਹਿੱਸੇ ਵਿਚ ਹਵਾਈ ਉੱਤਮਤਾ (ਏਅਰ ਸੁਪਿਰਐਰਿਟੀ) ਪ੍ਰਾਪਤ ਕਰ ਲਈ ਸੀ, ਜਿਸ ਕਾਰਨ ਪਾਕਿਸਤਾਨ ਨੂੰ ਸਮਝੌਤੇ ਲਈ ਜੰਗਬੰਦੀ ਦੀ ਮੰਗ ਕਰਨੀ ਪਈ ਸੀ | 'ਦ ਹਿਸਟਰੀ ਐਟ ਦੀ ਪ੍ਰੋਸਪੈਕਟਿਵ ਮਿਲਟਰੀਜ਼' (ਸੀ. ਐੱਚ. ਪੀ. ਐੱਮ.) ਵਲੋਂ ਅਪਰੇਸ਼ਨ ਸੰਧੂਰ ਬਾਰੇ ਇਕ 47 ਸਫ਼ਿਆਂ ਦੀ ਵਿਸਥਾਰਤ ਰਿਪੋਰਟ ਸਾਹਮਣੇ ਆਈ ਹੈ, ਜਿਸ ਅਨੁਸਾਰ 10 ਮਈ, 2025 ਦੀ ਸਵੇਰ ਤੱਕ ਭਾਰਤੀ ਹਵਾਈ ਫ਼ੌਜ ਨੇ ਪਾਕਿਸਤਾਨੀ ਹਵਾਈ ਰੱਖਿਆ ਪ੍ਰਣਾਲੀ ਨੂੰ ਬਹੁਤ ਹੱਦ ਤੱਕ ਨਸ਼ਟ ਕਰ ਦਿੱਤਾ ਸੀ ਅਤੇ ਉਹ ਪਾਕਿਸਤਾਨ ਵਿਚ ਆਜ਼ਾਦੀ ਨਾਲ ਹਮਲੇ ਕਰ ਸਕਦੀ ਸੀ, ਜਿਸ ਦੇ ਨਤੀਜੇ ਵਜੋਂ ਪਾਕਿਸਤਾਨ ਨੂੰ ਸਮਝੌਤੇ ਲਈ ਜੰਗਬੰਦੀ ਦੀ ਗੁਹਾਰ ਲਗਾਉਣੀ ਪਈ |
ਪਾਕਿ ਹਵਾਈ ਫ਼ੌਜ ਦਾ ਕੀਤਾ ਵੱਡਾ ਨੁਕਸਾਨ
ਜ਼ਿਕਰਯੋਗ ਹੈ ਇਹ ਰਿਪੋਰਟ ਭਾਵੇਂ 26 ਜਨਵਰੀ ਨੂੰ ਹੀ ਸਾਹਮਣੇ ਆਈ ਪਰ ਅਸਲ ਵਿਚ ਇਹ 15 ਜਨਵਰੀ, 2026 ਨੂੰ ਜਾਰੀ ਕੀਤੀ ਗਈ ਸੀ | ਰਿਪੋਰਟ ਮੁਤਾਬਿਕ ਭਾਰਤ ਨੇ ਆਪਣੇ ਉੱਨਤ ਹਥਿਆਰਾਂ ਜਿਵੇਂ ਬ੍ਰਹਮੋਸ ਅਤੇ ਸਕੈਲਪ-ਈ.ਜੀ. ਕਰੂਜ਼ ਮਿਸਾਈਲਾਂ ਦੀ ਵਰਤੋਂ ਨਾਲ ਪਾਕਿਸਤਾਨੀ ਏਅਰ ਬੇਸਾਂ, ਰਾਡਾਰਾਂ ਅਤੇ ਹੋਰ ਮਹੱਤਵਪੂਰਨ ਟਾਰਗੇਟਾਂ 'ਤੇ ਸਫਲ ਹਮਲੇ ਕੀਤੇ ਸਨ ਅਤੇ ਐੱਸ-400 ਏਅਰ ਡਿਫੈਂਸ ਸਿਸਟਮ ਨਾਲ ਪਾਕਿਸਤਾਨੀ ਹਮਲਿਆਂ ਨੂੰ ਬਹੁਤ ਹੱਦ ਤੱਕ ਨਾਕਾਮ ਵੀ ਕਰ ਦਿੱਤਾ ਸੀ ਪਰ ਇਹ ਰਿਪੋਰਟ ਇਹ ਮੰਨਦੀ ਹੈ ਕਿ ਪਾਕਿਸਤਾਨ ਸ਼ੁਰੂ ਵਿਚ ਕੁਝ ਸਫ਼ਲਤਾ ਹਾਸਲ ਕੀਤੀ ਸੀ ਅਤੇ ਰਾਫੇਲ ਸਮੇਤ ਭਾਰਤ ਦੇ 2 ਜਾਂ 3 ਜੈੱਟ ਹਵਾਈ ਜਹਾਜ਼ ਡੇਗਣ ਵਿਚ ਸਫਲ ਰਿਹਾ ਸੀ ਪਰ ਬਾਅਦ ਵਿਚ ਭਾਰਤ ਹਵਾਈ ਫ਼ੌਜ ਨੇ ਪਾਕਿਸਤਾਨ ਦਾ ਭਾਰਤ ਨਾਲੋਂ ਕਿਤੇ ਵੱਧ ਹਵਾਈ ਜਹਾਜ਼ਾਂ ਦਾ ਨੁਕਸਾਨ ਵੀ ਕੀਤਾ ਸੀ |
ਏਸ਼ੀਆ 'ਚ ਹਵਾਈ ਤਾਕਤ ਦਾ ਸੰਤੁਲਨ ਬਦਲਿਆ
ਇਹ ਰਿਪੋਰਟ ਭਾਰਤ ਦੀ ਅੱਤਵਾਦ ਦਾ ਜਵਾਬ ਦੇਣ ਦੀ ਨੀਤੀ ਵਿਚ ਵੱਡਾ ਬਦਲਾਅ ਵੀ ਦਰਸਾਉਂਦੀ ਹੈ ਕਿ ਹੁਣ ਭਾਰਤ ਵੱਡੇ ਅੱਤਵਾਦੀ ਹਮਲੇ ਨੂੰ ਜੰਗ ਵਰਗਾ ਮੰਨ ਕੇ ਫੈਸਲਾਕੁਨ ਜਵਾਬ ਦਿੰਦਾ ਹੈ ਅਤੇ ਉਹ ਪਾਕਿਸਤਾਨ ਦੇ ਨਿਊਕਲੀਅਰ ਖ਼ਤਰੇ ਤੋਂ ਨਹੀਂ ਡਰਦਾ | ਇਹ 88 ਘੰਟਿਆਂ ਦੀ ਜੰਗ ਵਿਸ਼ਵ ਵਿਚ 2 ਨਿਊਕਲੀਅਰ ਤਾਕਤਾਂ ਵਿਚਕਾਰ ਪਹਿਲੀ ਵੱਡੀ ਨੈੱਟਵਰਕ-ਸੈਂਟਿ੍ਕ ਹਵਾਈ ਲੜਾਈ ਸੀ | ਸੀ. ਐੱਚ. ਪੀ. ਐੱਮ. ਦੀ ਇਹ ਰਿਪੋਰਟ ਮੰਨਦੀ ਹੈ ਕਿ ਅਪਰੇਸ਼ਨ ਸੰਧੂਰ ਨੇ ਦੱਖਣੀ ਏਸ਼ੀਆ ਵਿਚ ਹਵਾਈ ਤਾਕਤ ਦੇ ਸੰਤੁਲਨ ਨੂੰ ਬਦਲ ਦਿੱਤਾ ਹੈ |
ਆਪੇ੍ਰਸ਼ਨ ਸੰਧੂਰ ਦੌਰਾਨ ਪਾਕਿਸਤਾਨ ਨੂੰ ਝੱਲਣਾ ਪਿਆ ਸੀ ਭਾਰੀ ਨੁਕਸਾਨ
ਅਜੀਤ ਡੈਸਕ
28-01-2026