ਅੰਮਿ੍ਤਸਰ, 21 ਫਰਵਰੀ (ਸੁਰਿੰਦਰ ਕੋਛੜ)-ਲਗਭਗ ਤਿੰਨ ਸਾਲਾਂ ਤੋਂ ਜੇਲ੍ਹ 'ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਰਿਹਾਈ ਨੂੰ ਲੈ ਕੇ ਖ਼ੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਸੋਹੇਲ ਅਫ਼ਰੀਦੀ ਵਲੋਂ ਐਲਾਨੀ ਗਈ 'ਰਿਲੀਜ਼ ਇਮਰਾਨ ਖ਼ਾਨ ਫੋਰਸ' ਨੂੰ ਪਾਕਿ ਦੇ ਰੱਖਿਆ ਮੰਤਰੀ ਖ਼ਵਾਜਾ ਮੁਹੰਮਦ ਆਸਿਫ਼ ਨੇ ਗ਼ੈਰ-ਸੰਵਿਧਾਨਕ ਅਤੇ ਗ਼ੈਰ-ਕਾਨੂੰਨੀ ਦੱਸਿਆ ਹੈ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਫ਼ਰੀਦੀ ਦਾ ਅਹੁਦਾ ਖ਼ਤਰੇ 'ਚ ਹੈ ਅਤੇ ਉਹ ਆਪਣਾ ਅਹੁਦਾ ਬਚਾਉਣ ਲਈ ਅਜਿਹੇ ਬਿਆਨ ਦੇ ਰਹੇ ਹਨ | ਇਕ ਟੀ. ਵੀ. ਚੈਨਲ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸੰਘੀ ਸਰਕਾਰ ਤੋਂ ਇਲਾਵਾ ਕਿਸੇ ਹੋਰ ਨੂੰ ਅਜਿਹੀ ਕੋਈ ਵੀ ਫੋਰਸ ਬਣਾਉਣ ਦਾ ਅਧਿਕਾਰ ਨਹੀਂ ਹੈ | ਖ਼ਵਾਜਾ ਨੇ ਸਪੱਸ਼ਟ ਤੌਰ 'ਤੇ ਇਹ ਵੀ ਕਿਹਾ ਕਿ ਇਮਰਾਨ ਖ਼ਾਨ ਨੂੰ ਵਿਦੇਸ਼ ਭੇਜਣ ਜਾਂ ਉਨ੍ਹਾਂ ਨੂੰ ਉਨ੍ਹਾਂ ਦੇ ਇਸਲਾਮਾਬਾਦ ਸਥਿਤ ਨਿਵਾਸ ਬਾਨੀ ਗਾਲਾ ਵਿਚ ਤਬਦੀਲ ਕਰਨ ਬਾਰੇ ਕਦੇ ਕੋਈ ਚਰਚਾ ਨਹੀਂ ਹੋਈ | ਉਨ੍ਹਾਂ ਇਹ ਵੀ ਕਿਹਾ ਕਿ ਕੁਝ ਲੋਕ ਅਜਿਹੇ ਦਾਅਵੇ ਕਰਕੇ ਰਾਜਨੀਤਿਕ ਲਾਭ ਲੈਣ ਦੀ ਕੋਸ਼ਿਸ਼ ਕਰ ਰਹੇ ਹਨ |