ਖਾਰਗਰ (ਨਵੀਂ ਮੁੰਬਈ) ਵਿਖੇ ਹੋਣ ਜਾ ਰਹੇ ਸ਼ਹੀਦੀ ਸ਼ਤਾਬਦੀ ਸਮਾਗਮਾਂ ਦੀਆਂ ਤਿਆਰੀਆਂ ਜ਼ੋਰਾਂ 'ਤੇ <br/>
ਅਜੀਤ ਡੈਸਕ
22-02-2026
ਮੁੰਬਈ, 21 ਫਰਵਰੀ (ਅਜੀਤ ਬਿਊਰੋ)-ਮਹਾਰਾਸ਼ਟਰ ਵਿਖੇ ਤੀਜੇ ਪੜਾਅ 'ਚ ਖਾਰਗਰ (ਨਵੀਂ ਮੁੰਬਈ) ਦੇ ਉਵੇ ਮੈਦਾਨ ਵਿਖੇ 28 ਫਰਵਰੀ ਅਤੇ 1 ਮਾਰਚ ਨੂੰ ਰਾਜ ਪੱਧਰ 'ਤੇ ਮਨਾਏ ਜਾ ਰਹੇ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮਾਂ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ ਦੇ ਚੱਲਦਿਆਂ ਗਰਾਊਾਡ ਅੰਦਰ ਸੁੰਦਰ ਪੰਡਾਲ ਦਾ ਨਿਰਮਾਣ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ | ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੇ ਸਹਿਯੋਗ ਨਾਲ ਅਤੇ ਦਮਦਮੀ ਟਕਸਾਲ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਪ੍ਰਧਾਨ ਸੰਤ ਸਮਾਜ ਦੀ ਰਹਿਨੁਮਾਈ ਹੇਠ ਹੋ ਰਹੇ ਇਨ੍ਹਾਂ ਦੋ ਦਿਨਾਂ ਧਾਰਮਿਕ ਸਮਾਗਮਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਣਗੇ | ਇਸ ਮੌਕੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਸਿੱਖ ਕੌਮ ਦੇ ਸ਼ਾਨਦਾਰ ਤੇ ਕੁਰਬਾਨੀਆਂ ਨਾਲ ਭਰੇ ਮਾਣਮੱਤੇ ਇਤਿਹਾਸ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦਾ ਆਪਣਾ ਸੰਕਲਪ ਦਹਰਾਉਂਦੇ ਹੋਏ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮੁਗਲ ਕਾਲ ਦੌਰਾਨ ਧਰਮ ਤੇ ਸੱਚਾਈ ਲਈ ਆਪਣਾ ਸ਼ੀਸ ਨੌਸ਼ਾਵਰ ਕਰ ਦਿੱਤਾ ਤੇ ਢਾਲ ਬਣ ਕੇ ਹਿੰਦੂ ਸਮਾਜ ਤੇ ਸੱਭਿਆਚਾਰ ਦੀ ਰੱਖਿਆ ਲਈ ਕੁਰਬਾਨੀ ਦਿੱਤੀ, ਜੋ ਸਵੈ-ਧਰਮ, ਸਹਿਣਸ਼ੀਲਤਾ ਅਤੇ ਮਨੁੱਖਤਾ ਦਾ ਪ੍ਰਤੀਕ ਹੈ | ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰਾ ਮਹਾਰਾਸ਼ਟਰ ਦਾ ਅਭਿੰਨ ਅੰਗ ਹੈ ਅਤੇ ਅੱਜ ਗੁਰੂ ਸਾਹਿਬਾਂ ਦੇ ਸ਼ਤਾਬਦੀ ਸਮਾਗਮ ਮਨਾ ਕੇ ਉਨ੍ਹਾਂ ਨੂੰ ਬਹੁਤ ਖੁਸ਼ੀ ਤੇ ਮਾਣ ਹਾਸਲ ਹੋ ਰਿਹਾ ਹੈ |