ਚੰਡੀਗੜ੍ਹ, 5 ਮਾਰਚ (ਮਾਰਕੰਡਾ)- ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਪੰਜਾਬ ਭਵਨ ਸੈਕਟਰ 3 ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਭਰ ਵਿਚ ਸੱਤ ਨਵੇਂ ਮੈਡੀਕਲ ਕਾਲਜ ਸਥਾਪਤ ਕਰਨ ਦਾ ਐਲਾਨ ਕੀਤਾ | ਇਸ ਪ੍ਰਾਜੈਕਟ ਵਿਚ ਦੋ ਸਰਕਾਰੀ ਮੈਡੀਕਲ ਕਾਲਜਾਂ, ਜਨਤਕ-ਨਿੱਜੀ ਭਾਈਵਾਲੀ (ਪੀ.ਪੀ.ਪੀ.) ਮੋਡ ਅਧੀਨ ਦੋ ਸੰਸਥਾਵਾਂ ਅਤੇ ਤਿੰਨ ਨਿੱਜੀ ਅਤੇ ਘੱਟ ਗਿਣਤੀ ਸੰਗਠਨਾਂ ਰਾਹੀਂ ਬਣਾਇਆ ਜਾਵੇਗਾ | ਹੁਸ਼ਿਆਰਪੁਰ ਵਿਚ ਸ਼ਹੀਦ ਊਧਮ ਸਿੰਘ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਦੀ ਉਸਾਰੀ ਦਾ ਕੰਮ 20 ਮਾਰਚ ਨੂੰ ਸ਼ੁਰੂ ਹੋਵੇਗਾ, ਜਿਸ ਦੀ ਮਿਆਦ 24 ਮਹੀਨੇ ਹੈ ਜੋ ਕਿ ਮਾਰਚ 2028 ਵਿਚ ਪੂਰਾ ਹੋਵੇਗਾ | ਇਸ ਪ੍ਰਾਜੈਕਟ ਨੂੰ 274.75 ਕਰੋੜ ਰੁਪਏ ਦੀ ਪ੍ਰਸ਼ਾਸਕੀ ਪ੍ਰਵਾਨਗੀ ਮਿਲ ਚੁੱਕੀ ਹੈ | 300 ਬਿਸਤਰਿਆਂ ਵਾਲਾ ਹਸਪਤਾਲ ਦੇ ਨਾਲ-ਨਾਲ ਇਕ ਮੈਡੀਕਲ ਕਾਲਜ ਵੀ ਹੋਵੇਗਾ, ਜਿਸ ਵਿਚ 100 ਸੀਟਾਂ ਦੀ ਸਾਲਾਨਾ ਐਮ.ਬੀ.ਬੀ.ਐਸ. ਦਾਖਲਾ ਹੋਵੇਗਾ | ਜਿਨ੍ਹਾਂ ਨਾਲ ਪ੍ਰਮੁੱਖ ਸਕੱਤਰ ਸਿਹਤ ਕੁਮਾਰ ਰਾਹੁਲ, ਵਿਸ਼ੇਸ਼ ਸਕੱਤਰ ਕਮ ਐਮ.ਡੀ. ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ (ਪੀ.ਐਚ.ਐਸ.ਸੀ) ਅਮਿਤ ਤਲਵਾੜ ਅਤੇ ਡਾਇਰੈਕਟਰ ਖੋਜ ਅਤੇ ਮੈਡੀਕਲ ਸਿੱਖਿਆ ਡਾ. ਅਵਨੀਸ਼ ਕੁਮਾਰ ਵੀ ਮੌਜੂਦ ਸਨ | ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪ੍ਰਾਜੈਕਟ ਦੀ ਲਾਗਤ ਨੂੰ ਸ਼ੁਰੂਆਤੀ 550 ਕਰੋੜ ਦੇ ਅਨੁਮਾਨ ਤੋਂ ਘਟਾ ਕੇ 274 ਕਰੋੜ ਕਰਨ ਵਿਚ ਕਾਮਯਾਬੀ ਹਾਸਲ ਕੀਤੀ ਹੈ | ਸਿਹਤ ਮੰਤਰੀ ਨੇ ਅੱਗੇ ਕਿਹਾ ਕਿ ਹੁਸ਼ਿਆਰਪੁਰ ਤੋਂ ਇਲਾਵਾ ਕਪੂਰਥਲਾ ਵਿਚ ਇਕ ਹੋਰ ਸਰਕਾਰੀ ਮੈਡੀਕਲ ਕਾਲਜ ਸਥਾਪਿਤ ਕੀਤਾ ਜਾ ਰਿਹਾ ਹੈ | ਜਿਸ ਦੀ ਟੈਂਡਰ ਪ੍ਰਕਿਰਿਆ ਪੂਰੀ ਹੋ ਗਈ ਹੈ | ਪੀ.ਪੀ.ਪੀ ਮੋਡ ਅਧੀਨ ਸਥਾਪਿਤ ਕੀਤੇ ਜਾਣ ਵਾਲੇ ਕਾਲਜ ਸੰਗਰੂਰ ਅਤੇ ਐਸ.ਬੀ.ਐਸ ਨਗਰ ਵਿਚ ਸ਼ੁਰੂ ਕੀਤੇ ਜਾਣਗੇ | ਲਹਿਰਾਗਾਗਾ ਵਿਚ ਜੈਨ ਘੱਟ ਗਿਣਤੀ ਕਾਲਜ ਤਿਆਰੀ ਅਧੀਨ ਹੈ, ਜਿਸ ਲਈ ਸਰਕਾਰ ਨੇ ਇਕ ਸਮਝੌਤਾ ਪੱਤਰ 'ਤੇ ਦਸਤਖਤ ਕਰਨ ਤੋਂ ਬਾਅਦ ਜ਼ਮੀਨ ਲੀਜ਼ 'ਤੇ ਲਈ ਹੈ | ਮਲੇਰਕੋਟਲਾ ਵਿਚ ਮੁਸਲਿਮ ਘੱਟ ਗਿਣਤੀ ਕਾਲਜ ਨੇ ਆਪਣਾ ਡੀ.ਪੀ.ਆਰ. ਕੇਂਦਰ ਸਰਕਾਰ ਨੂੰ ਸੌਂਪ ਦਿੱਤਾ ਹੈ | ਇਸੇ ਤਰ੍ਹਾਂ ਪ੍ਰਾਈਵੇਟ ਮੈਡੀਕਲ ਕਾਲਜ ਵੀ ਲੁਧਿਆਣਾ ਦੇ ਨੇੜੇ ਬਣ ਰਿਹਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਇਸ ਵੇਲੇ 13 ਮੈਡੀਕਲ ਕਾਲਜ ਵਿਚ 1,900 ਐਮ.ਬੀ.ਬੀ.ਐਸ ਸੀਟਾਂ ਹਨ | ਨਵੀਆਂ ਸੰਸਥਾਵਾਂ ਨਾਲ ਕਰੀਬ 600 ਵਾਧੂ ਸੀਟਾਂ ਜੋੜੀਆਂ ਜਾਣਗੀਆਂ | ਪਟਿਆਲਾ, ਅੰਮਿ੍ਤਸਰ ਅਤੇ ਫਰੀਦਕੋਟ ਦੇ ਮੌਜੂਦਾ ਮੈਡੀਕਲ ਕਾਲਜਾਂ ਨੂੰ ਸੁਪਰ-ਸਪੈਸ਼ਲਿਟੀ ਸੇਵਾਵਾਂ ਪ੍ਰਦਾਨ ਕਰਨ ਲਈ ਪੋਸਟ ਗ੍ਰੈਜੂਏਟ ਸੰਸਥਾਵਾਂ ਦੇ ਪੱਧਰ ਤੱਕ ਅਪਗ੍ਰੇਡ ਕੀਤਾ ਜਾ ਰਿਹਾ ਹੈ |