ਰਾਏਕੋਟ, 4 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਤੇ ਸੀਨੀਅਰ ਵਕੀਲ ਹਰਵਿੰਦਰ ਸਿੰਘ ਫੂਲਕਾ ਦੇ ਭਾਜਪਾ ਵਿਚ ਸ਼ਾਮਿਲ ਹੋਣ ਤੋਂ ਇਕ ਦਿਨ ਬਾਅਦ ਸਹਿਜਧਾਰੀ ਸਿੱਖ ਪਾਰਟੀ ਪ੍ਰਧਾਨ ਨੇ ਐਲਾਨ ਕੀਤਾ ਹੈ ਕਿ ਉਹ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਉਨ੍ਹਾਂ ਦੇ ਖਿਲਾਫ਼ ਚੋਣ ਲੜ੍ਹਨਗੇ | ਸਹਿਜਧਾਰੀ ਸਿੱਖ ਪਾਰਟੀ ਇਕ ਰਜਿਸਟਰਡ ਰਾਜਨੀਤਿਕ ਪਾਰਟੀ ਹੈ, ਜੋ ਸਹਿਜਧਾਰੀ ਸਿੱਖਾਂ ਦੇ ਹੱਕਾਂ ਲਈ ਕੰਮ ਕਰਦੀ ਆ ਰਹੀ ਹੈ | ਪਾਰਟੀ ਆਗੂ ਨੇ ਦੱਸਿਆ ਕਿ ਜੇਕਰ ਭਾਜਪਾ ਵਲੋਂ ਐਡਵੋਕੇਟ ਫੂਲਕਾ ਨੂੰ ਪੰਜਾਬ ਦੀ ਕਿਸੇ ਵੀ ਸੀਟ ਤੋਂ ਟਿਕਟ ਦਿੱਤੀ ਜਾਂਦੀ ਹੈ ਤਾਂ ਉਨ੍ਹਾਂ ਦੇ ਰਾਸ਼ਟਰੀ ਪ੍ਰਧਾਨ ਡਾ: ਪਰਮਜੀਤ ਸਿੰਘ ਰਾਣੂੰ ਉਨ੍ਹਾਂ ਦੇ ਖਿਲਾਫ਼ ਚੋਣ ਮੈਦਾਨ ਵਿਚ ਉਤਰਨਗੇ | ਡਾ. ਰਾਣੂੰ ਨੇ ਸਪੱਸ਼ਟ ਕੀਤਾ ਕਿ ਸਹਿਜਧਾਰੀ ਸਿੱਖ ਪਾਰਟੀ ਦਾ ਵਿਰੋਧ ਭਾਜਪਾ ਨਾਲ ਨਹੀਂ, ਸਗੋਂ ਖਾਸ ਤੌਰ 'ਤੇ ਐਡਵੋਕੇਟ ਫੂਲਕਾ ਦੇ ਖਿਲਾਫ਼ ਹੈ | ਡਾ: ਰਾਣੂੰ ਨੇ ਕਥਿਤ ਤੌਰ 'ਤੇ ਦੋਸ਼ ਲਗਾਏ ਕਿ ਹਰਵਿੰਦਰ ਸਿੰਘ ਫੂਲਕਾ ਹਮੇਸ਼ਾ ਸਹਿਜਧਾਰੀ ਸਿੱਖਾਂ ਦੇ ਹੱਕਾਂ ਦੇ ਖਿਲਾਫ਼ ਰਹੇ ਹਨ |
ਕੀ ਕਹਿਣਾ ਹੈ ਫੂਲਕਾ ਦਾ
ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਨਾਲ ਜਦੋਂ ਮੋਬਾਈਲ ਫ਼ੋਨ 'ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਿੱਖ ਸੰਸਥਾਵਾਂ ਵਿਚ ਵੋਟਿੰਗ ਹੱਕਾਂ ਅਤੇ ਰਾਖਵੇਂਕਰਨ ਬਾਰੇ ਉਨ੍ਹਾਂ ਦਾ ਬਿਆਨ ਪਹਿਲਾਂ ਵਾਂਗ ਹੀ ਕਾਇਮ ਹੈ ਤੇ ਜਿਸ ਵਿਚ ਕੋਈ ਤਬਦੀਲੀ ਨਹੀਂ ਆਈ ਤੇ ਨਾ ਆਵੇਗੀ | ਉਹ ਸਿੱਖਾਂ ਤੇ ਸਿੱਖ ਪਰਿਵਾਰਾਂ ਦੇ ਹੱਕਾਂ ਦੀ ਰਾਖੀ ਲਈ ਸਦਾ ਪਹਿਰਾ ਦੇਣਗੇ |
ਚੋਣਾਂ 'ਚ ਜੇਕਰ ਫੂਲਕਾ ਭਾਜਪਾ ਵਲੋਂ ਚੋਣ ਲੜਦੇ ਹਨ ਤਾਂ ਡਾ: ਰਾਣੂੰ ਵਲੋਂ ਮੁਕਾਬਲੇ 'ਚ ਚੋਣ ਲੜੀ ਜਾਵੇਗੀ
ਅਜੀਤ ਡੈਸਕ
05-04-2026