ਹਰਜਿੰਦਰ ਸਿੰਘ ਲਾਲ
ਖੰਨਾ, 6 ਅਪ੍ਰੈਲ-ਪੰਜਾਬ ਦੀਆਂ ਅਨਾਜ ਮੰਡੀਆਂ ਵਿਚ ਕਣਕ ਦੀ ਆਮਦ ਹੋਰ ਤੇਜ਼ ਹੋ ਗਈ ਹੈ | ਅੱਜ ਸ਼ਾਮ ਤਕ ਪੰਜਾਬ ਦੀਆਂ ਮੰਡੀਆਂ ਵਿਚ 5669.85 ਮੀਟਰਕ ਟਨ ਕਣਕ ਪੁੱਜੀ ਹੈ | ਅੱਜ ਇੱਕ ਦਿਨ ਵਿਚ ਹੀ ਕਣਕ ਦੀ ਆਮਦ 3243.85 ਮੀਟਰਕ ਟਨ ਹੋਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸ਼ਾਮ ਤੱਕ ਕੁੱਲ 4192.15 ਮੀਟਰਕ ਟਨ ਕਣਕ ਦੀ ਵਿੱਕਰੀ ਹੋਈ | ਜਿਸ ਵਿਚੋਂ ਸਰਕਾਰੀ ਖ਼ਰੀਦ ਏਜੰਸੀਆਂ ਵਲੋਂ 4172.15 ਮੀ. ਟਨ ਤੇ ਨਿੱਜੀ ਵਪਾਰੀਆਂ ਵਲੋਂ 20 ਮੀ. ਟਨ ਕਣਕ ਦੀ ਖ਼ਰੀਦ ਕੀਤੀ ਗਈ | ਪੰਜਾਬ ਸਰਕਾਰ ਅਨੁਸਾਰ ਅੱਜ ਸ਼ਾਮ ਤੱਕ 353 ਮੀ. ਟਨ ਕਣਕ ਦੀ ਚੁਕਾਈ ਹੋਈ ਅਤੇ 2.41 ਕਰੋੜ ਰੁਪਏ ਦੀ ਅਦਾਇਗੀ ਨਾਲ 95 ਫ਼ੀਸਦੀ ਕਣਕ ਦੀ ਅਦਾਇਗੀ ਕਰ ਦਿੱਤੀ ਗਈ ਹੈ | ਸਰਕਾਰੀ ਅਧਿਕਾਰੀਆਂ ਅਨੁਸਾਰ ਕਣਕ ਦੀ ਅਦਾਇਗੀ ਨਿਸ਼ਚਿਤ ਸਮੇਂ ਅਨੁਸਾਰ ਕੀਤੀ ਜਾ ਰਹੀ ਹੈ | ਇਸ ਵੇਲੇ ਮੰਡੀ ਵਿਚ 1477.70 ਮੀ. ਟਨ ਕਣਕ ਅਣਵਿਕੀ ਹੈ ਜੋ ਨਮੀ ਘਟਣ 'ਤੇ ਕੱਲ੍ਹ ਤੱਕ ਖਰੀਦੀ ਜਾਵੇਗੀ |
ਆੜ੍ਹਤੀ ਫੈਡਰੇਸ਼ਨ ਅਤੇ ਆੜ੍ਹਤੀ ਐਸੋਸੀਏਸ਼ਨਜ਼ ਨਾਲ ਮੁੱਖ ਮੰਤਰੀ ਦੀਆਂ ਵੱਖ-ਵੱਖ ਮੀਟਿੰਗਾਂ
ਇਸ ਦੌਰਾਨ ਪੰਜਾਬ ਫੈਡਰੇਸ਼ਨ ਆਫ਼ ਆੜ੍ਹਤੀ ਐਸੋਸੀਏਸ਼ਨਜ਼ ਵਲੋਂ ਐਲਾਨਿਆ ਕਣਕ ਦੀ ਵਿੱਕਰੀ ਦਾ ਬਾਈਕਾਟ ਜਾਰੀ ਰਿਹਾ | ਆੜ੍ਹਤੀ ਫੈਡਰੇਸ਼ਨ ਦੇ ਪ੍ਰਧਾਨ ਵਿਜੈ ਕਾਲੜਾ ਨੇ ਦੱਸਿਆ ਕਿ ਅੱਜ ਦੇਰ ਸ਼ਾਮ ਤੱਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹੋਰ ਉੱਚ ਅਧਿਕਾਰੀਆਂ ਨਾਲ ਫੈਡਰੇਸ਼ਨ ਆਫ਼ ਆੜ੍ਹਤੀ ਐਸੋਸੀਏਸ਼ਨਜ਼ ਦੇ ਵਫ਼ਦ ਦੀ ਮੀਟਿੰਗ ਜਾਰੀ ਰਹੀ | ਮੀਟਿੰਗ ਵਿਚ ਪੰਜਾਬ ਦੇ ਮੁੱਖ ਸਕੱਤਰ ਕੇ. ਏ. ਪੀ. ਸਿਨ੍ਹਾ, ਮੁੱਖ ਮੰਤਰੀ ਦੇ ਪਿੰ੍ਰ. ਸਕੱਤਰ ਖੇਤੀਬਾੜੀ ਅਰਸ਼ਦੀਪ ਸਿੰਘ ਥਿੰਦ, ਪਿ੍ੰ. ਡਾਇਰੈਕਟਰ ਖ਼ੁਰਾਕ ਵਰਿੰਦਰ ਸ਼ਰਮਾ, ਪਿ੍ੰ. ਸਕੱਤਰ ਰਵੀ ਭਗਤ ਅਤੇ ਕੁਮਾਰ ਅਮਿਤ ਆਈ. ਏ. ਐਸ. ਸ਼ਾਮਿਲ ਸਨ, ਜਦੋਂਕਿ ਆੜ੍ਹਤੀ ਨੇਤਾਵਾਂ ਵਿਚ ਅਮਰਜੀਤ ਸਿੰਘ ਬਰਾੜ, ਅਮਰਜੀਤ ਸਿੰਘ ਛੀਨਾ ਅੰਮਿ੍ਤਸਰ, ਗੁਰਜੰਟ ਸਿੰਘ ਤਲਵੰਡੀ ਭਾਈ, ਸ਼ਿਵ ਨੰਦਨ ਆਹੂਜਾ, ਭੁਪਿੰਦਰ ਸਿੰਘ ਸ਼ਾਮਿਲ ਸਨ ਦੀ ਲੰਮੀ ਗੱਲਬਾਤ ਹੋਈ | ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਨੇ ਇਹ ਭਰੋਸਾ ਦਿੱਤਾ ਹੈ ਕਿ ਪੰਜਾਬ ਸਰਕਾਰ ਕੱਲ੍ਹ ਹੀ ਕੇਂਦਰ ਤੋਂ ਇਸ ਮਸਲੇ ਲਈ ਸਮਾਂ ਲਵੇਗੀ ਤੇ ਆੜ੍ਹਤੀ ਨੇਤਾਵਾਂ ਦੇ ਵਫ਼ਦ ਨੂੰ ੂ ਨਾਲ ਲੈ ਕੇ ਦਿੱਲੀ ਵਿਚ ਕੇਂਦਰ ਨਾਲ ਗੱਲਬਾਤ ਕੀਤੀ ਜਾਵੇਗੀ | ਅਗਲੀ ਗੱਲਬਾਤ ਲਈ 8 ਅਪ੍ਰੈਲ ਸਵੇਰੇ 11 ਵਜੇ ਦਾ ਸਮਾਂ ਨਿਸ਼ਚਿਤ ਕੀਤਾ ਗਿਆ ਹੈ |
ਮੰਤਰੀਆਂ ਦੀ ਕਮੇਟੀ ਵਲੋਂ ਆੜ੍ਹਤੀਆਂ ਬਾਰੇ ਸਿਫ਼ਾਰਸ਼ਾਂ ਮੰਨਣ ਦਾ ਭਰੋਸਾ
ਇਸ ਤੋਂ ਪਹਿਲਾਂ ਆੜ੍ਹਤੀਆਂ ਦੀ ਦੂਸਰੀ ਜਥੇਬੰਦੀ ਪੰਜਾਬ ਆੜ੍ਹਤੀ ਐਸੋਸੀਏਸ਼ਨ ਦੇ ਚੇਅਰਮੈਨ ਰਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਅੱਜ ਮੁੱਖ ਮੰਤਰੀ ਨਾਲ ਹੋਈ ਪੰਜਾਬ ਆੜ੍ਹਤੀ ਐਸੋ. ਦੇ ਨੇਤਾਵਾਂ ਦੀ ਮੀਟਿੰਗ ਵਿਚ ਉਨ੍ਹਾਂ ਨੇ ਕੇਂਦਰ ਤੋਂ ਆੜ੍ਹਤ ਦਾ ਮਸਲਾ ਹੱਲ ਕਰਵਾਉਣ ਦਾ ਭਰੋਸਾ ਦਿੱਤਾ | ਮੰਡੀਆਂ ਵਿਚੋਂ ਠੇਕੇਦਾਰਾਂ ਦੀ ਅਜਾਰੇਦਾਰੀ ਖ਼ਤਮ ਕਰਕੇ ਆੜ੍ਹਤੀਆਂ ਨੂੰ ਕਣਕ ਦੀ ਤੁਲਾਈ ਦੇ ਅਧਿਕਾਰ ਦਿੱਤੇ ਜਾਣਗੇ | ਪੰਜਾਬ ਆੜ੍ਹਤੀ ਐਸੋਸੀਏਸ਼ਨ ਦੇ ਨੇਤਾਵਾਂ ਦੀ ਮੀਟਿੰਗ ਵਿਚ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਜਸਵਿੰਦਰ ਸਿੰਘ ਰਾਣਾ ਤੇ ਸਾਥੀਆਂ ਨੂੰ ਆੜ੍ਹਤ ਵਧਾਉਣ ਸਬੰਧੀ ਕੇਂਦਰ ਸਰਕਾਰ ਨਾਲ ਜਲਦੀ ਹੀ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੀ ਮੀਟਿੰਗ ਕਰਾਉਣ ਲਈ ਮੁੱਖ ਸਕੱਤਰ ਦੀ ਜ਼ਿੰਮੇਵਾਰੀ ਲਾਈ ਗਈ | ਇਸ ਮੌਕੇ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਵੀ ਆੜ੍ਹਤੀਆਂ ਦੀਆਂ ਮੰਗਾਂ ਮੰਨਣ ਦੀ ਸਿਫ਼ਾਰਿਸ਼ ਕੀਤੀ | ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਦੇ ਅਹੁਦੇਦਾਰ ਸਤਵਿੰਦਰ ਸਿੰਘ ਸੈਣੀ ਤੇ ਦਵਿੰਦਰ ਸਿੰਘ ਰਾਜਪੁਰਾ ਵੀ ਹਾਜ਼ਰ ਸਨ |
ਪੰਜਾਬ ਦੀਆਂ ਅਨਾਜ ਮੰਡੀਆਂ ਵਿਚ ਕਣਕ ਦੀ ਆਮਦ ਹੋਰ ਤੇਜ਼, ਇਕੋ ਦਿਨ ਵਿਚ ਪੁੱਜੀ 3243 ਟਨ <br/>
ਅਜੀਤ ਡੈਸਕ
07-04-2026