ਚੰਡੀਗੜ੍ਹ, 6 ਅਪ੍ਰੈਲ (ਵਿਕਰਮਜੀਤ ਸਿੰਘ ਮਾਨ)-ਆਬਕਾਰੀ ਅਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਵਿੱਤੀ ਸਾਲ 2025-26 ਵਿਚ ਇਨਫੋਰਸਮੈਂਟ ਦੇ ਖੇਤਰ ਵਿਚ ਰਿਕਾਰਡ ਨਤੀਜੇ ਪ੍ਰਾਪਤ ਕੀਤੇ ਹਨ, ਜੋ ਖ਼ੁਫ਼ੀਆ ਜਾਣਕਾਰੀ ਆਧਾਰਤ ਕਾਰਵਾਈ ਤੇ ਮਾਲੀਏ ਦੀ ਮਜ਼ਬੂਤ ਸੁਰੱਖਿਆ ਵੱਲ ਇਕ ਨਿਰਨਾਇਕ ਬਦਲਾਅ ਨੂੰ ਦਰਸਾਉਂਦਾ ਹੈ | ਉਨ੍ਹਾਂ ਦੱਸਿਆ ਕਿ ਸਟੇਟ ਇੰਟੈਲੀਜੈਂਸ ਐਂਡ ਪ੍ਰੀਵੈਂਟਿਵ ਯੂਨਿਟਸ ਦੀਆਂ ਫੋਕਸਡ ਅਤੇ ਖੁਫੀਆ ਜਾਣਕਾਰੀ ਅਧਾਰਤ ਕਾਰਵਾਈਆਂ ਸਦਕਾ, ਸੂਬੇ ਦੇ ਕਰ ਵਿਭਾਗ ਨੇ ਵਿੱਤੀ ਸਾਲ 2025-26 ਦੌਰਾਨ 1,383.11 ਕਰੋੜ ਰੁਪਏ ਦੇ ਭਾਰੀ ਜੁਰਮਾਨੇ ਲਗਾਏ | ਇਸ ਲਗਾਏ ਗਏ ਜੁਰਮਾਨੇ ਵਿਚੋਂ 1,137.85 ਕਰੋੜ ਰੁਪਏ ਪਹਿਲਾਂ ਹੀ ਵਸੂਲ ਕੀਤੇ ਹਨ | ਉਨ੍ਹਾਂ ਦੱਸਿਆ ਕਿ ਗੁੰਝਲਦਾਰ ਜਾਂਚ ਦੌਰਾਨ 'ਪੇਟ ਪੂਜਾ ਐਪ' ਨਾਲ ਜੁੜੇ 200 ਕਰੋੜ ਰੁਪਏ ਦੇ ਘੁਟਾਲੇ ਦਾ ਪਰਦਾਫਾਸ਼ ਹੋਇਆ, ਜੋ ਆਧੁਨਿਕ ਟੈਕਸ ਚੋਰੀ ਨੈੱਟਵਰਕਾਂ ਦੇ ਵੱਡੇ ਪੱਧਰ ਅਤੇ ਗੁੰਝਲਦਾਰ ਸੁਭਾਅ ਨੂੰ ਉਜਾਗਰ ਕਰਦਾ ਹੈ | ਉਨ੍ਹਾਂ ਕਿਹਾ ਕਿ ਨਿਰੀਖਣ-ਅਧਾਰਤ ਇਨਫੋਰਸਮੈਂਟ ਨੇ ਮੁੱਖ ਭੂਮਿਕਾ ਨਿਭਾਈ, ਜਿਸ ਵਿਚ 1,215.95 ਕਰੋੜ ਰੁਪਏ ਦਾ ਜੁਰਮਾਨਾ ਅਤੇ 972.15 ਕਰੋੜ ਰੁਪਏ ਦੀ ਅਸਲ ਵਸੂਲੀ ਸ਼ਾਮਿਲ ਹੈ | ਇਸ ਦੇ ਨਾਲ ਹੀ, ਸੜਕੀ ਚੈਕਿੰਗ ਮੁਹਿੰਮਾਂ ਨੇ 165.71 ਕਰੋੜ ਰੁਪਏ ਦਾ ਠੋਸ ਯੋਗਦਾਨ ਪਾਇਆ | ਇਹ ਕਾਰਗੁਜ਼ਾਰੀ ਵਿੱਤੀ ਸਾਲ 2024-25 ਦੇ ਮੁਕਾਬਲੇ ਕਈ ਗੁਣਾ ਸੁਧਾਰ ਨੂੰ ਦਰਸਾਉਂਦੀ ਹੈ | ਉਨ੍ਹਾਂ ਕਿਹਾ ਕਿ ਟੈਕਸ ਵਿਭਾਗ ਨੇ ਸਾਲ ਭਰ ਵਿਚ 8 ਐਫ. ਆਈ.ਆਰ. ਅਤੇ 15 ਗਿ੍ਫਤਾਰੀਆਂ ਕੀਤੀਆਂ ਜਿਸ ਵਿਚੋਂ ਦੋ ਸਭ ਤੋਂ ਪ੍ਰਮੁੱਖ ਐਫ.ਆਈ.ਆਰਜ਼ ਵਿਚ ਸੱਤ ਵਿਅਕਤੀ ਸ਼ਾਮਿਲ ਸਨ ਅਤੇ 385 ਕਰੋੜ ਰੁਪਏ ਦੇ ਧੋਖੇਬਾਜ਼ ਲੈਣ-ਦੇਣ ਦਾ ਪਰਦਾਫਾਸ਼ ਹੋਇਆ ਹੈ | ਉਨ੍ਹਾਂ ਕਿਹਾ ਕਿ ਦੀ ਗੈਰ-ਕਾਨੂੰਨੀ ਢੋਆ-ਢੁਆਈ ਅਤੇ ਧੋਖੇਬਾਜ਼ ਬਿਲਿੰਗ ਨੈੱਟਵਰਕਾਂ ਵਿਰੁੱਧ ਠੋਸ ਕਾਰਵਾਈ ਕਰਨ ਲਈ ਬਠਿੰਡਾ, ਮੰਡੀ ਗੋਬਿੰਦਗੜ੍ਹ, ਲੁਧਿਆਣਾ ਅਤੇ ਚੰਡੀਗੜ੍ਹ ਵਿਚ ਹੋਰ ਐਫ.ਆਈ.ਆਰਜ਼ ਦਰਜ ਕੀਤੀਆਂ ਗਈਆਂ | ਲੁਧਿਆਣਾ ਵਿਚ ਸੋਨੇ ਦੇ ਲੈਣ-ਦੇਣ ਵਿਚ 900 ਕਰੋੜ ਰੁਪਏ ਦੀ ਜਾਅਲੀ ਬਿਲਿੰਗ, ਮੋਹਾਲੀ, ਖਰੜ ਅਤੇ ਕੋਟਕਪੂਰਾ ਵਿਚ ਨਜਾਇਜ਼ ਕੋਲੇ ਦੇ ਲੈਣ-ਦੇਣ ਵਿਚ 226 ਕਰੋੜ ਰੁਪਏ ਅਤੇ ਲੁਧਿਆਣਾ ਤੇ ਮੰਡੀ ਗੋਬਿੰਦਗੜ੍ਹ ਵਿਚ ਕੰਮ ਕਰ ਰਹੇ 423 ਕਰੋੜ ਰੁਪਏ ਦੇ ਬੋਗਸ ਬਿਲਿੰਗ ਨੈਟਵਰਕ ਸ਼ਾਮਿਲ ਹਨ |
'ਆਪ' ਸਰਕਾਰ ਵਲੋਂ ਪੰਜਾਬ 'ਚ 200 ਕਰੋੜ ਰੁਪਏ ਦੇ 'ਪੇਟ ਪੂਜਾ ਐਪ' ਘੁਟਾਲੇ ਦਾ ਪਰਦਾਫਾਸ਼: ਹਰਪਾਲ ਸਿੰਘ ਚੀਮਾ <br/>
ਅਜੀਤ ਡੈਸਕ
07-04-2026