ਚੰਡੀਗੜ੍ਹ, 6 ਅਪ੍ਰੈਲ (ਪ੍ਰੋ. ਅਵਤਾਰ ਸਿੰਘ)-ਪੰਜਾਬ ਸਰਕਾਰ ਵਲੋਂ ਸੂਬੇ ਦੀਆਂ 100 ਤੋਂ ਵੱਧ ਨਗਰ ਪ੍ਰੀਸ਼ਦਾਂ ਤੇ ਨਗਰ ਕੌਂਸਲਾਂ ਦਾ ਕਾਰਜਕਾਲ ਸਮਾਪਤ ਹੋਣ ਉਪਰੰਤ ਉਨ੍ਹਾਂ ਦੀ ਪ੍ਰਬੰਧਕੀ ਜ਼ਿੰਮੇਵਾਰੀ ਸੰਭਾਲਣ ਲਈ ਸੰਬੰਧਿਤ ਇਲਾਕਿਆਂ ਦੇ ਉਪ ਮੰਡਲ ਮੈਜਿਸਟਰੇਟ (ਐਸ.ਡੀ.ਐਮ.) ਨੂੰ ਪ੍ਰਸ਼ਾਸਕ ਨਿਯੁਕਤ ਕਰ ਦਿੱਤਾ ਗਿਆ ਹੈ | ਇਹ ਫੈਸਲਾ ਆਉਣ ਵਾਲੀਆਂ ਨਗਰ ਨਿਗਮ ਅਤੇ ਨਗਰ ਪ੍ਰੀਸ਼ਦ ਚੋਣਾਂ ਤੱਕ ਅੰਤਰਿਮ ਪ੍ਰਬੰਧ ਵਜੋਂ ਲਾਗੂ ਰਹੇਗਾ | ਸਰਕਾਰ ਵਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਰੋਪੜ, ਨਵਾਂਸ਼ਹਿਰ, ਕੁਰਾਲੀ, ਸ਼੍ਰੀ ਅਨੰਦਪੁਰ ਸਾਹਿਬ, ਖਰੜ, ਡੇਰਾਬੱਸੀ, ਜ਼ੀਰਕਪੁਰ, ਨਯਾ ਗਾਂਵ, ਜਗਰਾਓਾ, ਫਿਲੌਰ ਸਮੇਤ ਕਈ ਹੋਰ ਸ਼ਹਿਰਾਂ ਵਿਚ ਇਹ ਪ੍ਰਬੰਧ ਲਾਗੂ ਕੀਤਾ ਗਿਆ ਹੈ | ਇਨ੍ਹਾਂ ਸਥਾਨਾਂ 'ਤੇ ਹੁਣ ਸਥਾਨਕ ਪ੍ਰਸ਼ਾਸਨ ਦੀ ਕਮਾਨ ਐਸ.ਡੀ.ਐਮ. ਦੇ ਹੱਥ 'ਚ ਰਹੇਗੀ, ਜੋ ਰੋਜ਼ਾਨਾ ਦੇ ਕੰਮਕਾਜ ਅਤੇ ਵਿਕਾਸੀ ਕਾਰਜਾਂ ਦੀ ਦੇਖਭਾਲ ਕਰਨਗੇ | ਖ਼ਾਸ ਤੌਰ 'ਤੇ ਜ਼ੀਰਕਪੁਰ ਅਤੇ ਡੇਰਾਬੱਸੀ ਵਿਚ ਐਸ.ਡੀ.ਐਮ. ਡੇਰਾਬੱਸੀ ਨੂੰ, ਖਰੜ 'ਚ ਐਸ.ਡੀ.ਐਮ. ਖਰੜ ਨੂੰ ਅਤੇ ਨਯਾ ਗਾਂਵ 'ਚ ਐਸ.ਡੀ.ਐਮ. ਮੁਹਾਲੀ ਨੂੰ ਪ੍ਰਸ਼ਾਸਕ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ | ਇਸ ਨਾਲ ਸਥਾਨਕ ਸਰਕਾਰਾਂ ਦੇ ਕੰਮ ਵਿਚ ਕਿਸੇ ਵੀ ਕਿਸਮ ਦੀ ਰੁਕਾਵਟ ਨਾ ਆਵੇ ਇਸ ਨੂੰ ਯਕੀਨੀ ਬਣਾਇਆ ਜਾਵੇਗਾ | ਸਰਕਾਰ ਦੇ ਅਨੁਸਾਰ ਇਹ ਫੈਸਲਾ ਵੱਖ-ਵੱਖ ਸ਼ਹਿਰਾਂ 'ਚ 5 ਅਪ੍ਰੈਲ 2026 ਤੋਂ ਲਾਗੂ ਹੋਣਾ ਸ਼ੁਰੂ ਹੋ ਗਿਆ ਹੈ ਅਤੇ ਕੁਝ ਥਾਵਾਂ 'ਤੇ ਇਹ 6, 8 ਅਤੇ 11 ਅਪ੍ਰੈਲ ਤੋਂ ਚਰਨਬੱਧ ਢੰਗ ਨਾਲ ਲਾਗੂ ਕੀਤਾ ਜਾਵੇਗਾ | ਇਹ ਪ੍ਰਬੰਧ ਮਈ-ਜੂਨ 2026 ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ ਜਦ ਤੱਕ ਨਵੀਆਂ ਚੋਣਾਂ ਕਰਵਾ ਕੇ ਚੁਣੀ ਹੋਈਆਂ ਸਥਾਨਕ ਬਾਡੀਆਂ ਦਾ ਗਠਨ ਨਹੀਂ ਹੋ ਜਾਂਦਾ |