ਚੰਡੀਗੜ੍ਹ, 24 ਅਪ੍ਰੈਲ (ਵਿਕਰਮਜੀਤ ਸਿੰਘ ਮਾਨ)- ਰਾਘਵ ਚੱਢਾ ਸਮੇਤ ਆਮ ਆਦਮੀ ਪਾਰਟੀ ਦੇ ਹੋਰ ਰਾਜ ਸਭਾ ਮੈਂਬਰਾਂ ਵਲੋਂ ਬਾਗ਼ੀ ਹੋ ਜਾਣ ਮਗਰੋਂ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੱਡਾ ਦਾਅਵਾ ਕੀਤਾ ਹੈ | ਉਨ੍ਹਾਂ ਕਿਹਾ ਕਿ ਸਿਰਫ਼ 7 ਸੰਸਦ ਮੈਂਬਰ ਨਹੀਂ, ਸਗੋਂ ਪੰਜਾਬ ਦੇ 50 ਵਿਧਾਇਕ ਵੀ 'ਆਪ' ਨੂੰ ਛੱਡ ਸਕਦੇ ਹਨ ਕਿਉਕਿ 'ਆਪ' ਨੇ ਰਾਜ ਸਭਾ ਅਤੇ ਵਿਧਾਨ ਸਭਾ ਦੀਆਂ ਟਿਕਟਾਂ ਕਿਵੇਂ ਵੰਡੀਆਂ ਹਨ, ਇਹ ਸਭ ਨੂੰ ਪਤਾ ਹੈ | ਉਨ੍ਹਾਂ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਕਿਵੇਂ ਵੱਡੇ ਕਾਰੋਬਾਰੀ, ਜਿਨ੍ਹਾਂ ਦਾ ਪੰਜਾਬ ਨਾਲ ਕੋਈ ਲੈਣਾ-ਦੇਣਾ ਨਹੀਂ ਸੀ, ਨੂੰ 'ਆਪ' ਵਲੋਂ ਰਾਜ ਸਭਾ ਲਈ ਭੇਜਿਆ ਗਿਆ, ਜਦਕਿ ਪਾਰਟੀ ਦੇ ਵਰਕਰਾਂ ਅਤੇ ਵਲੰਟੀਅਰਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ | ਉਨ੍ਹਾਂ ਕਿਹਾ ਕਿ ਇਹ ਟਿਕਟਾਂ ਵੱਡੇ ਉਦਯੋਗਪਤੀਆਂ ਅਤੇ ਕਾਰੋਬਾਰੀਆਂ ਨੂੰ ਦਿੱਤੀਆਂ ਗਈਆਂ ਸਨ, ਜਿਨ੍ਹਾਂ ਨੇ 'ਆਪ' ਦੀ ਵੱਖ-ਵੱਖ ਤਰੀਕਿਆਂ ਨਾਲ ਮਦਦ ਕੀਤੀ ਸੀ | ਅੱਜ ਜਦੋਂ ਉਹ ਭਾਜਪਾ ਵਿਚ ਸ਼ਾਮਲ ਹੋ ਗਏ ਹਨ, ਤਾਂ 'ਆਪ' ਨੂੰ ਹੈਰਾਨ ਨਹੀਂ ਹੋਣਾ ਚਾਹੀਦਾ, ਕਿਉਂਕਿ ਉਹ ਕਦੇ ਵੀ 'ਆਪ' ਦੀ ਵਿਚਾਰਧਾਰਾ ਨਾਲ ਜੁੜੇ ਹੋਏ ਨਹੀਂ ਸਨ ਅਤੇ ਸਿਰਫ਼ ਆਪਣੇ ਕਾਰੋਬਾਰੀ ਹਿਤਾਂ ਲਈ ਪਾਰਟੀ ਵਿਚ ਆਏ ਸਨ |