ਐੱਸ. ਏ. ਐੱਸ. ਨਗਰ, 1 ਮਈ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਦੇ ਸਰਕਾਰੀ ਸਕੂਲਾਂ ਦੇ 8ਵੀਂ ਸ਼੍ਰੇਣੀ ਦੇ 2,210 ਵਿਦਿਆਰਥੀਆਂ ਨੇ ਨੈਸ਼ਨਲ ਮੀਨਜ਼-ਕਮ-ਮੈਰਿਟ ਸਕਾਲਰਸ਼ਿਪ ਪ੍ਰੀਖਿਆ 2025-26 ਪਾਸ ਕਰਨ ਵਿਚ ਸਫ਼ਲਤਾ ਹਾਸਿਲ ਕੀਤੀ ਹੈ | ਪਾਸ ਹੋਏ ਵਿਦਿਆਰਥੀ ਜਿਹੜੇ ਕਿ ਹੁਣ 9ਵੀਂ ਕਲਾਸ ਵਿਚ ਪੜ੍ਹ ਰਹੇ ਹਨ, ਨੂੰ ਅਗਲੇ 4 ਵਰਿ੍ਹਆਂ ਲਈ ਭਾਵ 12ਵੀਂ ਦੀ ਪੜ੍ਹਾਈ ਤੱਕ ਹਰ ਵਰ੍ਹੇ 12 ਹਜ਼ਾਰ ਦੀ ਰਾਸ਼ੀ ਸਕਾਲਰਸ਼ਿਪ ਵਜੋਂ ਮਿਲੇਗੀ | ਇਸ ਤਰ੍ਹਾਂ ਹਰ ਵਿਦਿਆਰਥੀ ਦੇ ਖਾਤੇ 'ਚ 4 ਸਾਲਾਂ ਦੌਰਾਨ 48 ਹਜ਼ਾਰ ਦੀ ਰਾਸ਼ੀ ਆਵੇਗੀ | ਜ਼ਿਕਰਯੋਗ ਹੈ ਕਿ ਹਰ ਵਰ੍ਹੇ ਕਰਵਾਈ ਜਾਂਦੀ ਕੌਮੀ ਪੱਧਰ ਦੀ ਇਸ ਪ੍ਰੀਖਿਆ ਵਿਚ ਵਿਦਿਆਰਥੀਆਂ ਤੋਂ ਹਿਸਾਬ, ਸਾਇੰਸ, ਐੱਸ. ਐੱਸ. ਟੀ. ਅਤੇ ਮੈਂਟਲ ਐਬੀਲਿਟੀ ਆਦਿ ਵਿਸ਼ਿਆਂ ਦੇ ਪ੍ਰਸ਼ਨ ਪੁੱਛੇ ਜਾਂਦੇ ਹਨ | ਪ੍ਰੀਖਿਆ ਦੇ ਐਲਾਨੇ ਨਤੀਜਿਆਂ ਵਿਚ ਲੁਧਿਆਣਾ ਜ਼ਿਲ੍ਹੇ ਦੇ ਸਭ ਤੋਂ ਵੱਧ 229 ਵਿਦਿਆਰਥੀ ਪਾਸ ਹੋਏ ਹਨ, ਜਦਕਿ ਜਲੰਧਰ ਦੇ 170, ਹੁਸ਼ਿਆਰਪੁਰ ਦੇ 159, ਅੰਮਿ੍ਤਸਰ ਦੇ 158, ਪਟਿਆਲਾ ਦੇ 157, ਗੁਰਦਾਸਪੁਰ ਦੇ 127, ਬਠਿੰਡਾ ਦੇ 110, ਸੰਗਰੂਰ ਦੇ 106, ਤਰਨਤਾਰਨ ਦੇ 98, ਮੋਗਾ ਦੇ 91, ਫ਼ਾਜ਼ਿਲਕਾ ਦੇ 89, ਮਾਨਸਾ ਦੇ 73, ਫ਼ਿਰੋਜ਼ਪੁਰ ਦੇ 71, ਕਪੂਰਥਲਾ ਦੇ 70, ਮੁਕਤਸਰ ਸਾਹਿਬ ਦੇ 70, ਰੂਪਨਗਰ ਦੇ 66, ਸ਼ਹੀਦ ਭਗਤ ਸਿੰਘ ਨਗਰ ਦੇ 62, ਬਰਨਾਲਾ ਦੇ 58, ਫ਼ਰੀਦਕੋਟ ਦੇ 54, ਐੱਸ. ਏ. ਐੱਸ. ਨਗਰ ਦੇ 54, ਸ੍ਰੀ ਫ਼ਤਹਿਗੜ੍ਹ ਸਾਹਿਬ ਦੇ 53, ਪਠਾਨਕੋਟ ਦੇ 50 ਤੇ ਮਲੇਰਕੋਟਲਾ ਦੇ 35 ਵਿਦਿਆਰਥੀ ਪਾਸ ਹੋਏ ਹਨ |