ਅੰਮਿ੍ਤਸਰ, 23 ਮਈ (ਜਸਵੰਤ ਸਿੰਘ ਜੱਸ)-ਸੀਨੀਅਰ ਭਾਜਪਾ ਆਗੂ ਤੇ ਸਾਬਕਾ ਮੈਂਬਰ ਪਾਰਲੀਮੈਂਟ ਇੰਜ. ਸ਼ਵੇਤ ਮਲਿਕ ਨੇ ਭਾਰਤ ਵਿਚ ਬਿ੍ਟਿਸ਼ ਦੂਤਾਵਾਸ ਦੇ ਡਿਪਟੀ ਹਾਈ ਕਮਿਸ਼ਨਰ ਮਿਸ ਅਲਬਾ ਸਮੇਰੀਗਿਲਿਓ ਨਾਲ ਮੁਲਾਕਾਤ ਕਰਕੇ ਜਾਅਲੀ ਟਰੈਵਲ ਏਜੰਟਾਂ ਦਾ ਸ਼ਿਕਾਰ ਹੋ ਰਹੇ ਨੌਜਵਾਨਾਂ ਦੇ ਮਾਮਲਿਆਂ ਸਮੇਤ ਪੰਜਾਬ ਨਾਲ ਸਬੰਧਿਤ ਹੋਰ ਵੱਖ-ਵੱਖ ਮੁੱਦਿਆਂ ਬਾਰੇ ਚਰਚਾ ਕੀਤੀ | ਸ੍ਰੀ ਮਲਿਕ ਨੇ ਦੱਸਿਆ ਕਿ ਡਿਪਟੀ ਹਾਈ ਕਮਿਸ਼ਨਰ ਅਲਬਾ ਨੇ ਕਿਹਾ ਕਿ ਪੰਜਾਬ ਵਿਚ ਜਾਅਲੀ ਟਰੈਵਲ ਏਜੰਟਾਂ ਦਾ ਸ਼ਿਕਾਰ ਹੋ ਕੇ ਜੋ ਨੌਜਵਾਨ ਗ਼ੈਰ-ਕਾਨੂੰਨੀ ਰੂਪ ਵਿਚ ਯੂ.ਕੇ. ਜਾ ਰਹੇ ਹਨ, ਇਹ ਵਰਤਾਰਾ ਰੁਕਣਾ ਚਾਹੀਦਾ ਹੈ, ਕਿਉਂਕਿ ਅਜਿਹੇ ਨੌਜਵਾਨਾਂ ਤੇ ਲੋਕਾਂ ਨੂੰ ਧੋਖੇ ਦਾ ਸ਼ਿਕਾਰ ਹੋ ਕੇ ਯੂ.ਕੇ. ਪਹੁੰਚਣ 'ਤੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਮਿਸ ਅਲਬਾ ਨੇ ਦੱਸਿਆ ਕਿ ਬਿ੍ਟਿਸ਼ ਦੂਤਾਵਾਸ ਦਾ ਚੰਡੀਗੜ੍ਹ ਵਿਖੇ ਵੀ ਦਫਤਰ ਹੈ ਤੇ ਸਾਰੇ ਲੋਕਾਂ ਨੂੰ ਕਾਨੂੰਨੀ ਤੌਰ 'ਤੇ ਸਰਕਾਰ ਤੋਂ ਮਾਨਤਾ ਪ੍ਰਾਪਤ ਟਰੈਵਲ ਏਜੰਟਾਂ ਦੇ ਰਾਹੀਂ ਤੇ ਸਹੀ ਦਸਤਾਵੇਜ਼ਾਂ 'ਤੇ ਵੀਜ਼ਾ ਲੈ ਕੇ ਹੀ ਯੂ.ਕੇ. ਜਾਣਾ ਚਾਹੀਦਾ | ਸ੍ਰੀ ਮਲਿਕ ਨੇ ਦੱਸਿਆ ਕਿ ਉਨ੍ਹਾਂ ਨੇ ਡਿਪਟੀ ਹਾਈ ਕਮਿਸ਼ਨਰ ਦੇ ਧਿਆਨ ਵਿਚ ਲਿਆਂਦਾ ਕਿ ਜਦੋਂ ਉਹ ਸਾਂਸਦ ਸਨ ਤਾਂ ਉਦੋਂ ਵੀ ਉਨ੍ਹਾਂ ਨੇ ਜਾਅਲੀ ਟਰੈਵਲ ਏਜੰਟਾਂ ਦੇ ਖਿਲਾਫ ਸੰਸਦ ਵਿਚ ਆਵਾਜ਼ ਉਠਾਈ ਸੀ | ਡਿਪਟੀ ਹਾਈ ਕਮਿਸ਼ਨਰ ਅਲਬਾ ਨੇ ਕਿਹਾ ਕਿ ਯੂ.ਕੇ. ਸਰਕਾਰ ਵਲੋਂ ਪੰਜਾਬ ਤੋਂ ਆਉਣ ਵਾਲਿਆਂ ਨੂੰ ਪੰਜਾਬ ਵਿਚ ਅਲੱਗ ਅਲੱਗ ਮਾਧਿਅਮ ਰਾਹੀਂ ਸਹੀ ਕਾਨੂੰਨੀ ਪ੍ਰਕਿਰਿਆ ਦੀ ਜਾਣਕਾਰੀ ਦਿੱਤੀ ਜਾਏਗੀ |
ਸ਼ਵੇਤ ਮਲਿਕ ਵਲੋਂ ਜਾਅਲੀ ਟਰੈਵਲ ਏਜੰਟਾਂ ਸੰਬੰਧੀ ਯੂ.ਕੇ. ਦੀ ਭਾਰਤ 'ਚ ਡਿਪਟੀ ਹਾਈ ਕਮਿਸ਼ਨਰ ਨਾਲ ਮੁਲਾਕਾਤ <br/>
ਅਜੀਤ ਡੈਸਕ
24-05-2026