ਸ਼ਿਵ ਸ਼ਰਮਾ
ਜਲੰਧਰ, 23 ਮਈ-ਤੇਲ ਕੰਪਨੀਆਂ ਨੂੰ ਪੱਛਮੀ ਏਸ਼ੀਆ ਵਿਚ ਚੱਲ ਰਹੇ ਸੰਕਟ ਕਰਕੇ ਰੋਜ਼ਾਨਾ ਜਿਹੜਾ ਘਾਟਾ ਪੈ ਰਿਹਾ ਸੀ ਤਾਂ ਉਸ ਹੁਣ ਦੂਰ ਕਰਨ ਲਈ ਸਮੇਂ-ਸਮੇਂ ਸਿਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਜਾ ਰਿਹਾ ਹੈ ਜਿਸ ਕਰਕੇ ਅੱਜ ਵੀ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਕਰੀਬ 90-90 ਪੈਸੇ ਵਧ ਗਈ ਹੈ ਤੇ ਪਿਛਲੇ 10 ਦਿਨਾਂ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਕਰੀਬ 5-5 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋ ਚੁੱਕਾ ਹੈ | ਤੇਲ ਕੰਪਨੀਆਂ ਦਾ ਘਾਟਾ ਪੂਰਾ ਕਰਨ ਲਈ ਤੇਲ ਦੀਆਂ ਕੀਮਤਾਂ ਹੁਣ ਆਉਂਦੇ ਦਿਨਾਂ ਵਿਚ ਵੀ ਵਧਦੀਆਂ ਦੇਖੀਆਂ ਜਾ ਸਕਦੀਆਂ ਹਨ | 15 ਮਈ ਨੂੰ ਜਦੋਂ ਤੇਲ ਕੰਪਨੀਆਂ ਨੇ ਪੈਟਰੋਲ ਦੀ ਕੀਮਤ ਵਿਚ ਵਾਧਾ ਕੀਤਾ ਗਿਆ ਸੀ ਤਾਂ ਉਸ ਤੋਂ ਬਾਅਦ ਪੰਜਾਬ ਵਿਚ ਪੈਟਰੋਲ 100 ਤੋਂ ਪਾਰ ਹੋ ਗਿਆ ਸੀ | ਪੰਜਾਬ ਵਿਚ 14 ਮਈ ਨੂੰ ਪੈਟਰੋਲ 98.29 ਰੁਪਏ ਪ੍ਰਤੀ ਲੀਟਰ ਸੀ ਤਾਂ 15 ਮਈ ਦੀ ਸਵੇਰੇ ਨੂੰ ਤੇਲ ਦੀ ਕੀਮਤ ਵਿਚ ਵਾਧਾ ਹੋਣ ਤੋਂ ਬਾਅਦ ਪੈਟਰੋਲ ਦੀ ਕੀਮਤ 101.19 ਰੁਪਏ ਪ੍ਰਤੀ ਲੀਟਰ ਤੱਕ ਪੁੱਜ ਗਈ ਸੀ | ਪੈਟਰੋਲ ਦੀ ਕੀਮਤ ਸੈਂਕੜਾ ਪਾਰ ਹੋਣ ਤੋਂ ਬਾਅਦ ਹੁਣ ਲੋਕਾਂ ਨੂੰ ਇਸ ਦੀ ਵੀ ਸੰਭਾਵਨਾ ਲੱਗ ਰਹੀ ਹੈ ਕਿ ਜਿਸ ਤਰ੍ਹਾਂ ਨਾਲ ਹੁਣ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਹੋ ਰਿਹਾ ਹੈ ਤਾਂ ਡੀਜ਼ਲ ਦੀ ਕੀਮਤ ਵੀ ਜੂਨ ਦੇ ਮਹੀਨੇ ਵਿਚ ਸੈਂਕੜਾ ਪਾਰ ਕਰ ਸਕਦੀ ਹੈ | ਪੰਜਾਬ ਵਿਚ ਡੀਜ਼ਲ ਦੀ ਕੀਮਤ ਸੈਂਕੜਾ ਪਹਿਲੀ ਬਾਰ ਨਹੀਂ ਹੋਵੇਗਾ ਸਗੋਂ ਕੋਵਿਡ ਮਹਾਂਮਾਰੀ ਦੇ ਸਮੇਂ ਦੇ ਦੌਰਾਨ ਪੈਟਰੋਲ ਦੀ ਕੀਮਤ 110 ਰੁਪਏ ਅਤੇ ਡੀਜ਼ਲ ਦੀ ਕੀਮਤ 100 ਰੁਪਏ ਪ੍ਰਤੀ ਲੀਟਰ ਤੱਕ ਪੁੱਜ ਗਈ ਸੀ | ਇਹ ਕੀਮਤਾਂ ਕਰੀਬ ਇਕ ਸਾਲ ਤੱਕ ਰਹੀਆਂ ਸੀ ਤਾਂ ਫਿਰ 2021 ਦੀ ਦੀਵਾਲੀ ਵਿਚ ਤੇਲ ਦੀਆਂ ਕੀਮਤਾਂ ਵਿਚ ਕਟੌਤੀ ਕੀਤੀ ਗਈ ਸੀ ਤਾਂ ਉਸ ਵੇਲੇ ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਵਲੋਂ ਪੈਟਰੋਲ ਅਤੇ ਡੀਜ਼ਲ ਦੀ ਕੀਮਤਾਂ ਵੀ ਘਟਾ ਕੇ ਲੋਕਾਂ ਨੂੰ ਰਾਹਤ ਦਿੱਤੀ ਗਈ ਸੀ | ਪੰਜਾਬ ਵਿਚ ਅੱਜ ਪੈਟਰੋਲ ਦੀ ਕੀਮਤ ਵਧ ਕੇ ਕਰੀਬ 102. 57 (ਜਲੰਧਰ) ਪ੍ਰਤੀ ਲੀਟਰ ਹੋ ਗਈ ਹੈ ਜਦਕਿ ਟਰਾਂਸਪੋਰਟੇਸ਼ਨ ਦੇ ਜ਼ਿਆਦਾ ਖ਼ਰਚੇ ਅਤੇ ਜਿਹੜੇ ਜ਼ਿਲੇ੍ਹ ਰਿਫਾਈਨਰੀਆਂ ਤੋਂ ਦੂਰ ਹੋਣ ਕਰਕੇ ਅੰਮਿ੍ਤਸਰ, ਮੋਹਾਲੀ ਅਤੇ ਪਠਾਨਕੋਟ ਵਿਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਬਾਕੀ ਜ਼ਿਲਿ੍ਹਆਂ ਤੋਂ ਜ਼ਿਆਦਾ ਹੁੰਦੀ ਹੈ | ਇਸ ਤਰ੍ਹਾਂ ਨਾਲ ਡੀਜ਼ਲ ਦੀ ਕੀਮਤ ਵਧ ਕੇ ਹੁਣ ਕਰੀਬ 92. 43 (ਜਲੰਧਰ) ਰੁਪਏ ਪ੍ਰਤੀ ਲੀਟਰ ਹੋ ਗਈ ਹੈ | ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਜਦੋਂ ਵਾਧਾ ਹੁੰਦਾ ਹੈ ਤਾਂ ਉਸ ਨਾਲ ਰਾਜ ਸਰਕਾਰ ਦੇ ਵੈਟ ਵਸੂਲੀ ਦੀ ਆਮਦਨ ਵਿਚ ਵੀ ਵਾਧਾ ਹੁੰਦਾ ਹੈ | ਕੇਂਦਰ ਵਲੋਂ ਚਾਹੇ ਮਹਿੰਗਾਈ ਨੂੰ ਕੰਟਰੋਲ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਪਰ ਜਦੋਂ ਡੀਜ਼ਲ ਦੀਆਂ ਕੀਮਤਾਂ ਵਧਦੀਆਂ ਹਨ ਤਾਂ ਇਸ ਦੇ ਨਾਲ ਸਮਾਨ ਲਿਆਉਣ ਭੇਜਣ ਦੇ ਕਿਰਾਏ ਭਾੜੇ ਵਧ ਜਾਂਦੇ ਹਨ ਜਿਸ ਕਰਕੇ ਜਿੱਥੇ ਕਈ ਟਰਾਂਸਪੋਰਟ ਦੇ ਕਿਰਾਏ ਵਿਚ ਪਹਿਲਾਂ ਹੀ ਵਾਧਾ ਹੋ ਚੁੱਕਾ ਹੈ ਸਗੋਂ ਆਉਣ ਵਾਲੇ ਸਮੇਂ ਵਿਚ ਕਿਰਾਏ ਵਧਣ ਕਾਰਨ ਚੀਜ਼ਾਂ ਹੋਰ ਵੀ ਮਹਿੰਗੀਆਂ ਹੋ ਸਕਦੀਆਂ ਹਨ | ਤੇਲ ਦੀਆਂ ਕੀਮਤਾਂ ਵਧਣ ਦਾ ਅੰਤਰਰਾਸ਼ਟਰੀ ਸੰਕਟ ਹੋਣ ਕਰਕੇ ਲੋਕਾਂ ਨੂੰ ਚਾਹੇ ਇਸ ਦੀ ਜਾਣਕਾਰੀ ਹੈ ਕਿ ਸੰਸਾਰ ਭਰ ਵਿਚ ਲੋਕ ਤੇਲ ਦੀਆਂ ਵਧੀਆਂ ਕੀਮਤਾਂ ਕਰਕੇ ਸੰਕਟ ਵਿਚ ਹਨ ਪਰ ਕੀਮਤਾਂ ਵਧਣ ਕਰਕੇ ਮਹਿੰਗਾਈ ਦੇ ਲਗਾਤਾਰ ਲੱਗ ਰਹੇ ਝਟਕੇ ਲੋਕਾਂ ਨੂੰ ਜਰੂਰ ਤੋੜ ਰਹੇ ਹਨ |
ਪੈਟਰੋਲ ਦੀ ਤਰ੍ਹਾਂ ਡੀਜ਼ਲ ਦੀ ਕੀਮਤ ਵੀ ਜਲਦੀ ਕਰੇਗੀ ਸੈਂਕੜਾ ਪਾਰ
ਅਜੀਤ ਡੈਸਕ
24-05-2026