ਖਰੜ, 23 ਮਈ (ਜੰਡਪੁਰੀ)-ਬਲੌਂਗੀ ਦੇ ਆਜ਼ਾਦ ਨਗਰ ਵਿਖੇ ਰਹਿੰਦੇ ਦੋ ਵਿਅਕਤੀਆਂ 'ਚ 800 ਰੁ. ਦਿਹਾੜੀ ਦੇ ਲੈਣ-ਦੇਣ ਦੇ ਮਾਮਲੇ ਨੇ ਉਦੋਂ ਹਿੰਸਕ ਰੂਪ ਧਾਰ ਲਿਆ, ਜਦੋਂ ਦੋਨੋਂ ਗਰੁੱਪਾਂ ਵਿਚਕਾਰ ਹੋਏ ਝਗੜੇ ਦੌਰਾਨ ਇਕ ਵਿਅਕਤੀ ਨੂੰ ਚਾਕੂ ਮਾਰ ਕੇ ਕਤਲ ਕਰ ਦਿੱਤਾ | ਮਿ੍ਤਕ ਦੀ ਪਛਾਣ ਅਭੀ ਵਾਸੀ ਆਜ਼ਾਦ ਨਗਰ ਬਲੌਂਗੀ ਵਜੋਂ ਹੋਈ ਹੈ | ਇਸ ਸੰਬੰਧੀ ਡੀ. ਐਸ. ਪੀ. ਖਰੜ ਇਸ਼ਾਨ ਸਿੰਗਲਾ ਨੇ ਪੱਤਰਕਾਰਾਂ ਨੂੰ ਦੱਸਿਆ ਮਿ੍ਤਕ ਦੇ ਭਰਾ ਰਵੀ ਨੇ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਹੈ ਕਿ ਉਹ ਰਾਤੀਂ ਆਪਣੇ ਭਰਾ ਅਭੀ ਅਤੇ ਮਾਤਾ ਨੂੰ ਮਿਲਣ ਲਈ ਆਇਆ ਹੋਇਆ ਸੀ | ਉਸ ਸਮੇਂ ਉਸ ਦਾ ਛੋਟਾ ਭਰਾ ਅਭੀ ਹੇਠ ਗਲੀ 'ਚ ਅਨਿਲ ਅਤੇ ਉਸ ਦੇ ਭਰਾ ਛੋਟੂ ਨਾਲ ਗੱਲਬਾਤ ਕਰ ਰਿਹਾ ਸੀ, ਕੁਝ ਸਮੇਂ ਬਾਅਦ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਉਨ੍ਹਾਂ ਦੀ ਆਪਸ 'ਚ ਲੜਾਈ ਹੋ ਗਈ | ਜਦ ਦੇਖਿਆ ਤਾਂ ਉਸ ਦੇ ਭਰਾ ਅਭੀ ਨਾਲ ਅਨਿਲ ਕੁਮਾਰ ਅਤੇ ਉਸ ਦੇ ਛੋਟੇ ਭਰਾ ਛੋਟੂ ਸਮੇਤ ਉਨ੍ਹਾਂ ਦਾ ਇਕ ਹੋਰ ਭਰਾ ਕੁੱਟਮਾਰ ਕਰ ਰਹੇ ਸਨ, ਜਿਸ ਦੌਰਾਨ ਅਨਿਲ ਦੇ ਛੋਟੇ ਭਰਾ ਨੇ ਅਭੀ ਦੀ ਵੱਖੀ 'ਚ ਚਾਕੂ ਮਾਰ ਦਿੱਤਾ, ਜਿਸ ਕਾਰਨ ਉਹ ਥੱਲ੍ਹੇ ਡਿੱਗ ਗਿਆ | ਉਸ ਨੇ ਦੱਸਿਆ ਕਿ ਜ਼ਖ਼ਮ ਗਹਿਰਾ ਹੋਣ ਕਾਰਨ ਅਭੀ ਦੀ ਮੌਤ ਹੋ ਗਈ | ਥਾਣਾ ਬਲੌਂਗੀ ਦੇ ਇੰਚਾਰਜ ਇੰਸਪੈਕਟਰ ਪੈਰੀ ਵਿੰਕਲ ਗਰੇਵਾਲ ਨੇ ਇਸ ਮਾਮਲੇ ਦੀ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ਼ ਅਤੇ ਹੋਰ ਤਕਨੀਕੀ ਪ੍ਰਣਾਲੀ ਦੇ ਆਧਾਰ 'ਤੇ ਜਾਂਚ ਕਰਦਿਆਂ ਮੁਲਜ਼ਮ ਛੋਟੂ ਅਤੇ ਉਸ ਦੇ ਭਰਾ ਰਾਮ ਰਤਨ ਨੂੰ ਗਿ੍ਫ਼ਤਾਰ ਕਰ ਲਿਆ |
ਪੈਸੇ ਲੈਣ-ਦੇਣ ਦੇ ਮਾਮਲੇ 'ਚ ਨੌਜਵਾਨ ਦਾ ਕਤਲ <br/>
ਅਜੀਤ ਡੈਸਕ
24-05-2026