ਕਾਹਨੂੰਵਾਨ, 23 ਮਈ (ਨਿਸ਼ਾਨ ਸਿੰਘ ਚਾਹਲ, ਜਸਪਾਲ ਸਿੰਘ ਸੰਧੂ)-ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਾਹਨੂੰਵਾਨ ਵਿਚ ਪਸ਼ੂਆਂ ਦੇ ਵਾੜੇ ਨੂੰ ਜਾਂਦੇ ਰਾਹ ਤੇ ਵੱਟ ਨੂੰ ਲੈ ਕੇ ਵਾੜੇ ਦੇ ਮਾਲਕਾਂ ਤੇ ਨਾਲ ਲਗਦੇ ਖੇਤਾਂ ਦੇ ਮਾਲਕ ਦਰਮਿਆਨ ਅੱਜ ਦੁਪਹਿਰ ਵੇਲੇ ਹੋਏ ਝਗੜੇ ਕਾਰਨ ਕਿਸਾਨ ਨੂੰ ਮਾਰ ਦਿੱਤਾ | ਜਾਣਕਾਰੀ ਅਨੁਸਾਰ ਕਸਬਾ ਕਾਹਨੂੰਵਾਨ ਦੇ ਸਤਿਨਾਮ ਸਿੰਘ ਭਾਟੀਆ ਤੇ ਕੁਲਵੰਤ ਸਿੰਘ ਮੋਤੀ ਭਾਟੀਆ ਪੁੱਤਰ ਜੋਗਿੰਦਰ ਸਿੰਘ ਵਲੋਂ ਕਿਸਾਨ ਕੁਲਵਿੰਦਰ ਸਿੰਘ ਪੁੱਤਰ ਸੰਤੋਖ ਸਿੰਘ ਦੇ ਖੇਤਾਂ ਨਾਲ ਜ਼ਮੀਨ ਖਰੀਦ ਕੇ ਉਸ ਜਮੀਨ 'ਤੇ ਪਸ਼ੂਆਂ ਦਾ ਵਾੜਾ ਬਣਾਇਆ ਹੋਇਆ ਸੀ, ਪਰ ਪਸ਼ੂਆਂ ਦੇ ਵਾੜੇ ਨੂੰ ਜਾਣ ਵਾਲੇ ਰਸਤੇ ਤੇ ਵੱਟ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਕਿਸਾਨ ਕੁਲਵਿੰਦਰ ਸਿੰਘ ਅਤੇ ਵਾੜੇ ਦੀ ਮਾਲਕਾਂ ਵਿਚਕਾਰ ਤਕਰਾਰਬਾਜ਼ੀ ਚੱਲ ਰਹੀ ਸੀ | ਸਤਨਾਮ ਸਿੰਘ ਅਤੇ ਕੁਲਵੰਤ ਸਿੰਘ ਮੋਤੀ ਭਾਟੀਆ ਵਲੋਂ ਆਪਣੇ ਵਾੜੇ ਦੀ ਕੰਧ ਕੱਢਣ ਲਈ ਅੱਜ ਨੀਂਹ ਪੁੱਟੀ ਜਾ ਰਹੀ ਸੀ ਕਿ ਇਸੇ ਦੌਰਾਨ ਖੇਤ ਮਾਲਕ ਕੁਲਵਿੰਦਰ ਸਿੰਘ ਅਤੇ ਵਾੜੇ ਦੇ ਮਾਲਕਾਂ ਦੇ ਦਰਮਿਆਨ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ | ਇਸ ਦੌਰਾਨ ਖੇਤ ਮਾਲਕ ਕੁਲਵਿੰਦਰ ਸਿੰਘ ਉੱਪਰ ਵਾੜੇ ਦੇ ਮਾਲਕਾਂ ਵਲੋਂ ਆਪਣੇ ਕੋਈ ਅੱਧੀ ਦਰਜਨ ਅਣਪਛਾਤੇ ਵਿਅਕਤੀਆਂ ਨੂੰ ਨਾਲ ਲੈ ਕੇ ਕੁਲਵਿੰਦਰ ਸਿੰਘ ਉੱਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ, ਬਾਅਦ 'ਚ ਉਸ ਦੀ ਮੌਤ ਹੋ ਗਈ | ਉਧਰ ਇਸ ਮਾਮਲੇ ਵਿਚ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਨੂੰ ਲੈ ਕੇ ਪੀੜਤ ਧਿਰ ਵਲੋਂ ਕੁਲਵਿੰਦਰ ਸਿੰਘ ਦੀ ਮਿ੍ਤਕ ਦੇਹ ਗੁਰਦਾਸਪੁਰ-ਸ੍ਰੀ ਹਰਗੋਬਿੰਦਪੁਰ ਮਾਰਗ ਉੱਪਰ ਰੱਖ ਕੇ ਅੱਡਾ ਪੁਲ ਸਠਿਆਲੀ ਉੱਪਰ ਧਰਨਾ ਲਗਾ ਕੇ ਇਨਸਾਫ਼ ਦੀ ਮੰਗ ਕੀਤੀ | ਧਰਨੇ 'ਤੇ ਪਹੁੰਚੇ ਹਲਕਾ ਡੀ.ਐਸ.ਪੀ. ਕੁਲਵੰਤ ਸਿੰਘ ਮਾਨ ਨੇ ਕਿਹਾ ਕਿ ਮਿ੍ਤਕ ਕੁਲਵਿੰਦਰ ਸਿੰਘ ਦੀ ਪਤਨੀ ਦੇ ਬਿਆਨਾਂ ਅਤੇ ਡਾਕਟਰੀ ਰਿਪੋਰਟ ਦੇ ਆਧਾਰ 'ਤੇ ਦੋਸ਼ੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾ ਰਿਹਾ ਹੈ |
ਜ਼ਮੀਨੀ ਵਿਵਾਦ ਕਾਰਨ ਕਿਸਾਨ ਦਾ ਕਤਲ <br/>
ਅਜੀਤ ਡੈਸਕ
24-05-2026