ਮਰੇ ਪਸ਼ੂਆਂ ਦੇ ਨਿਪਟਾਰੇ ਲਈ ਵੱਡੀ ਗਿਣਤੀ 'ਚ ਕਾਰਕਾਸ ਯੂਟੀਲਾਈਜ਼ੇਸ਼ਨ ਪਲਾਂਟ ਲਗਾਉਣ ਦੀ ਲੋੜ
ਅਮਲੋਹ, 23 ਮਈ (ਹਰਪ੍ਰੀਤ ਸਿੰਘ ਗਿੱਲ)-ਮਾਣਯੋਗ ਸੁਪਰੀਮ ਕੋਰਟ ਵਲੋਂ ਆਵਾਰਾ ਕੁੱਤਿਆਂ ਦੇ ਖ਼ਾਤਮੇ ਅਤੇ ਵਧਦੀ ਆਬਾਦੀ ਨੂੰ ਨੱਥ ਪਾਉਣ ਲਈ ਲਏ ਗਏ ਸਖ਼ਤ ਰੁਖ਼ ਨੇ ਜਿੱਥੇ ਪੰਜਾਬ ਸਮੇਤ ਪੂਰੇ ਦੇਸ਼ ਵਿਚ ਇਕ ਨਵੀਂ ਸਮਾਜਿਕ ਤੇ ਕਾਨੂੰਨੀ ਬਹਿਸ ਛੇੜ ਦਿੱਤੀ ਹੈ, ਉੱਥੇ ਆਵਾਰਾ ਕੁੱਤਿਆਂ ਦੇ ਖ਼ਤਮ ਹੋਣ ਨਾਲ ਈਕੋ ਸਿਸਟਮ ਦੇ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਣ ਦੀਆਂ ਵਾਤਾਵਰਨ ਮਾਹਿਰਾਂ ਵਲੋਂ ਚੇਤਾਵਨੀਆਂ ਵੀ ਆਉਣੀਆਂ ਸ਼ੁਰੂ ਹੋ ਗਈਆਂ ਹਨ, ਕਿਉਂਕਿ ਮਿ੍ਤਕ ਪਸ਼ੂਆਂ ਦੇ ਨਿਪਟਾਰੇ ਲਈ ਕੁੱਤੇ ਹੀ ਇੱਕੋ ਇਕ ਅਜਿਹਾ ਜਰੀਆ ਹਨ, ਜੋ ਗਿਰਝਾਂ ਦੇ ਖ਼ਤਮ ਹੋ ਜਾਣ ਤੋਂ ਬਾਅਦ ਇਸ ਪ੍ਰਕਿਰਿਆ ਵਿਚ ਅਹਿਮ ਭੂਮਿਕਾ ਨਿਭਾਅ ਰਹੇ ਹਨ | ਇਸ ਅਤਿਅੰਤ ਸੰਵੇਦਨਸ਼ੀਲ ਮੁੱਦੇ ਸਬੰਧੀ ਗੱਲ ਕਰਨ 'ਤੇ ਸੀਨੀਅਰ ਵੈਟਰਨਰੀ ਅਫਸਰ ਡਾ. ਗੁਲਜ਼ਾਰ ਮਤਾਨੀਆਂ ਨੇ ਦੱਸਿਆ ਕਿ ਇਨ੍ਹਾਂ ਕੁੱਤਿਆਂ ਦੇ ਹਿੰਸਕ ਹੋਣ ਅਤੇ ਝੁੰਡ ਬਣਾ ਕੇ ਰਹਿਣ ਦਾ ਸਭ ਤੋਂ ਵੱਡਾ ਕਾਰਨ ਰਵਾਇਤੀ 'ਹੱਡਾ-ਰੋੜੀਆਂ' ਹਨ, ਜਿੱਥੇ ਇਹ ਮੁਰਦਾ ਪਸ਼ੂਆਂ ਦਾ ਮਾਸ ਖਾ ਕੇ ਖ਼ੁੰਖਾਰ ਬਣਦੇ ਹਨ ਅਤੇ ਖ਼ੁਰਾਕ ਨਾ ਮਿਲਣ 'ਤੇ ਜਿਉਂਦੇ ਇਨਸਾਨਾਂ' ਨੂੰ ਆਪਣੀ ਖ਼ੁਰਾਕ ਬਣਾਉਣ ਲੱਗ ਪੈਂਦੇ ਹਨ, ਡਾ ਮਤਾਨੀਆਂ ਨੇ ਸੁਝਾਅ ਦਿੱਤਾ ਕਿ ਸਭ ਤੋਂ ਪਹਿਲਾਂ ਹੱਡਾਰੋੜੀਆਂ ਖ਼ਤਮ ਕਰਨੀਆਂ ਚਾਹੀਦੀਆਂ ਹਨ ਉਨ੍ਹਾਂ ਦੇ ਬਦਲ ਵਜੋਂ ਸਰਕਾਰ ਹਰ ਤਿੰਨ ਜ਼ਿਲਿ੍ਹਆਂ 'ਚ ਇਕ ਆਧੁਨਿਕ 'ਕਾਰਕਾਸ ਯੂਟੀਲਾਈਜ਼ੇਸ਼ਨ ਪਲਾਂਟ' ਲਗਾਵੇ ਜਿਨ੍ਹਾਂ ਵਿਚ ਮਰੇ ਹੋਏ ਪਸ਼ੂਆਂ ਨੂੰ ਪੋ੍ਰਸੈੱਸ ਕਰਕੇ ਪੋਲਟਰੀ ਫੀਡ ਸਪਲੀਮੈਂਟ ਤੇ ਜੈਵਿਕ ਖਾਦਾਂ ਤਿਆਰ ਕੀਤੀਆਂ ਜਾ ਸਕਦੀਆਂ ਹਨ, ਜਿਸ ਨਾਲ ਹੱਡਾਰੋੜੀ ਵਾਲੇ ਕੁੱਤਿਆਂ ਦੀ ਲੋੜ ਨਹੀਂ ਰਹੇਗੀ ਤੇ ਇਨ੍ਹਾਂ ਨੂੰ ਕਾਬੂ ਕੀਤਾ ਜਾ ਸਕਦਾ ਹੈ | ਡਾ. ਗੁਲਜ਼ਾਰ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਤਾਜ਼ਾ ਫ਼ੈਸਲੇ ਦੇ ਸੰਦਰਭ ਵਿਚ ਹੁਣ ਸਮਾਂ ਆ ਗਿਆ ਹੈ ਕਿ ਸਮਾਜ ਦੋ ਧਿਰਾਂ ਵਿਚ ਵੰਡਣ ਦੀ ਬਜਾਏ ਇਕੱਠੇ ਹੋ ਕੇ ਇਸ ਦਾ ਹੱਲ ਕੱਢੇ | ਉਨ੍ਹਾਂ ਅੱਗੇ ਕਿਹਾ ਕਿ ਆਵਾਰਾ ਕੁੱਤਿਆਂ ਦੇ ਆਤੰਕ ਨੂੰ ਹਰ ਹਾਲਤ ਵਿਚ ਠੱਲ੍ਹ ਪਾਉਣੀ ਚਾਹੀਦੀ ਹੈ | ਇਸ ਖ਼ੌਫ਼ਨਾਕ ਦਹਿਸ਼ਤ ਦੇ ਪਿਛੋਕੜ 'ਚ ਜੇਕਰ ਝਾਤ ਮਾਰੀਏ ਤਾਂ ਪਿਛਲੇ ਸਮੇਂ 'ਚ ਮੁੱਲਾਂਪੁਰ ਲਾਗੇ ਪਿੰਡ ਹਸਨਪੁਰ ਵਿਚ 10-10 ਸਾਲ ਦੇ ਦੋ ਮਾਸੂਮ ਬੱਚਿਆਂ ਹਰਸੁਖਪ੍ਰੀਤ ਸਿੰਘ ਹਨੀ ਅਤੇ ਅਰਜਨ ਨੂੰ ਇਨ੍ਹਾਂ ਕੁੱਤਿਆਂ ਨੇ ਘੜੀਸ-ਘੜੀਸ ਕੇ ਮਾਰ ਮੁਕਾਇਆ, ਜਦਕਿ ਪਟਿਆਲਾ ਦੇ ਪਿੰਡ ਬਰਸਟ ਵਿਚ ਖੇਤਾਂ 'ਚ ਪਤੰਗ ਲੁੱਟਣ ਗਏ 10 ਸਾਲਾ ਤਨਵੀਰ ਸਿੰਘ ਨੂੰ ਕੁੱਤਿਆਂ ਦੇ ਝੁੰਡ ਨੇ ਮਿੰਟਾਂ ਵਿਚ ਹੀ ਖਾ ਗਿਆ ਅਤੇ ਇਸੇ ਪਿੰਡ ਦੇ ਬਿਲਕੁਲ ਨੇੜਲੇ ਪਿੰਡ ਸੌਜਾ ਵਿਚ ਸਵੇਰੇ ਖੇਤਾਂ 'ਚ ਗਏ ਬਜ਼ੁਰਗ ਜੀਤ ਸਿੰਘ ਨੂੰ ਵੀ ਇਨ੍ਹਾਂ ਨੇ ਨੋਚ-ਨੋਚ ਕੇ ਮਾਰ ਦਿੱਤਾ | ਇਹ ਤਾਂ ਸਿਰਫ਼ ਚੰਦ ਘਟਨਾਵਾਂ ਹਨ, ਹਕੀਕਤ ਵਿਚ ਆਏ ਦਿਨ ਹੀ ਬਹੁਤ ਸਾਰੇ ਲੋਕ ਇਨ੍ਹਾਂ ਤੋਂ ਪੀੜਤ ਹੋ ਰਹੇ ਹਨ, ਜਿਸ ਦੀ ਪੂਰੀ ਤਸਵੀਰ ਜੁਲਾਈ 2025 ਵਿਚ ਲੋਕ ਸਭਾ ਵਿਚ ਪੇਸ਼ ਕੀਤੇ ਗਏ ਅੰਕੜਿਆਂ ਤੋਂ ਸਾਫ਼ ਝਲਕਦੀ ਹੈ | ਇਸ ਰਿਪੋਰਟ ਅਨੁਸਾਰ ਸੰਨ 2024 ਦੌਰਾਨ ਭਾਰਤ ਵਿਚ 37 ਲੱਖ (37, 17,336) ਤੋਂ ਵੱਧ ਕੁੱਤਿਆਂ ਦੇ ਕੱਟਣ ਦੇ ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿਚੋਂ 54 ਲੋਕਾਂ ਦੀ ਮੌਤ ਲਈ ਹਲ਼ਕਾਅ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ | ਬਣ ਚੁੱਕੀ ਇਸ ਗੰਭੀਰ ਸਥਿਤੀ ਨਾਲ ਨਿਪਟਣ ਲਈ ਪਸ਼ੂ ਪ੍ਰੇਮੀਆਂ (ਡੌਗ ਲਵਰਜ਼) ਨੂੰ ਵੀ ਇਨਸਾਨੀਅਤ ਦੇ ਨਾਤੇ ਮਾਸੂਮਾਂ ਦੀ ਜਾਨ ਬਚਾਉਣ ਲਈ ਅਦਾਲਤ ਅਤੇ ਪ੍ਰਸ਼ਾਸਨ ਦੇ ਫ਼ੈਸਲਿਆਂ ਦਾ ਵਿਰੋਧ ਕਰਨ ਦੀ ਥਾਂ ਸਹਿਯੋਗ ਕਰਨਾ ਚਾਹੀਦਾ ਹੈ ਤਾਂ ਜੋ ਇਸ ਸਮੱਸਿਆ ਦਾ ਪੱਕਾ ਹੱਲ ਹੋ ਸਕੇ |
ਅਵਾਰਾ ਕੁੱਤਿਆਂ 'ਤੇ ਸਖ਼ਤੀ ਨਾਲ ਈਕੋ ਸਿਸਟਮ ਦੇ ਪ੍ਰਭਾਵਿਤ ਹੋਣ ਦਾ ਖ਼ਦਸ਼ਾ
ਅਜੀਤ ਡੈਸਕ
24-05-2026