ਐੱਸ. ਏ. ਐੱਸ. ਨਗਰ, 23 ਮਈ (ਕਪਿਲ ਵਧਵਾ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਮੁੱਲਾਂਪੁਰ ਦਾਖਾ ਤੋਂ ਇੰਚਾਰਜ ਜਸਕਰਨਜੀਤ ਸਿੰਘ ਦਿਓਲ ਨੂੰ ਗਿ੍ਫ਼ਤਾਰ ਕਰਨ ਦੀ ਮਨਜ਼ੂਰੀ ਦੇਣ ਲਈ ਲਗਾਈ ਗਈ ਅਰਜ਼ੀ ਨੂੰ ਮੁਹਾਲੀ ਅਦਾਲਤ ਨੇ ਖਾਰਜ ਕਰ ਦਿੱਤਾ ਹੈ | ਜ਼ਿਕਰਯੋਗ ਹੈ ਕਿ ਥਾਣਾ ਮਟੌਰ (ਮੁਹਾਲੀ) ਵਿਖੇ ਬੀ. ਐੱਨ. ਐੱਸ. ਤੇ ਪੋਕਸੋ ਐਕਟ ਤਹਿਤ ਐੱਫ. ਆਈ. ਆਰ. ਦਰਜ ਕੀਤੀ ਗਈ ਸੀ, ਜਿਸ ਸੰਬੰਧੀ ਪੁਲਿਸ ਨੇ ਅਕਾਲੀ ਆਗੂ ਨੂੰ 17 ਮਈ ਨੂੰ ਗਿ੍ਫ਼ਤਾਰ ਕੀਤਾ ਸੀ, ਪਰ ਅਗਲੇ ਦਿਨ ਰਿਮਾਂਡ ਦੀ ਕਾਰਵਾਈ ਦੌਰਾਨ ਬਚਾਅ ਧਿਰ ਦੇ ਵਕੀਲ ਐੱਚ. ਐੱਸ. ਧਨੋਆ ਨੇ ਗਿ੍ਫ਼ਤਾਰੀ ਦੇ ਆਧਾਰ ਨਾ ਦੱਸੇ ਜਾਣ 'ਤੇ ਕਾਰਵਾਈ ਨੂੰ ਗ਼ੈਰਕਾਨੂੰਨੀ ਦੱਸਿਆ ਸੀ, ਜਿਸ ਦੇ ਚਲਦਿਆਂ ਅਦਾਲਤ ਨੇ ਅਕਾਲੀ ਆਗੂ ਨੂੰ ਸੋਮਵਾਰ ਨੂੰ ਅਦਾਲਤ 'ਚੋਂ ਹੀ ਰਿਹਾਅ ਕਰ ਦਿੱਤਾ ਸੀ | ਉਸੇ ਦਿਨ ਮਟੌਰ ਪੁਲਿਸ ਨੇ ਅਕਾਲੀ ਆਗੂ ਜਸਕਰਨਜੀਤ ਸਿੰਘ ਨੂੰ ਹਿਰਾਸਤ 'ਚ ਲੈਣ ਲਈ ਮੁੜ ਅਰਜ਼ੀ ਦਾਖ਼ਲ ਕੀਤੀ ਸੀ, ਜਿਸ 'ਤੇ ਵਧੀਕ ਸੀ. ਜੇ. ਐੱਮ. ਰੁਪਿੰਦਰ ਸਿੰਘ ਦੀ ਅਦਲਾਤ ਵਿਚ ਸੁਣਵਾਈ ਦੌਰਾਨ ਪੁਲਿਸ ਨੇ ਕਿਹਾ ਕਿ ਮੁਲਜ਼ਮ ਦੀ ਹਿਰਾਸਤੀ ਪੁੱਛਗਿੱਛ ਦੀ ਲੋੜ ਹੈ ਤੇ ਗਿ੍ਫ਼ਤਾਰੀ ਦੇ ਆਧਾਰ ਲਿਖਤੀ ਰੂਪ ਵਿਚ ਅਦਾਲਤ ਵਿਚ ਦਿੱਤੇ ਗਏ ਹਨ | ਇਸ ਤੋਂ ਬਾਅਦ ਆਪਣੇ ਫ਼ੈਸਲੇ ਵਿਚ ਅਦਾਲਤ ਨੇ ਕਿਹਾ ਕਿ ਇਸ ਮੰਚ 'ਤੇ ਇਹ ਅਰਜ਼ੀ ਮੰਨਣਯੋਗ ਨਹੀਂ ਹੈ |