ਮੂਨਕ (ਸੰਗਰੂਰ), 27 ਮਈ (ਵਰਿੰਦਰ ਭਾਰਦਵਾਜ, ਕੇਵਲ ਸਿੰਗਲਾ, ਪ੍ਰਵੀਨ ਮਦਾਨ)-ਸਥਾਨਕ ਇਲਾਕੇ ਵਿਚ ਇਕ ਵਿਆਹ ਸਮਾਗਮ ਵਿਚ ਖਾਣਾ ਖਾਣ ਨਾਲ ਅਚਾਨਕ ਟੱਟੀਆਂ-ਉਲਟੀਆਂ ਲੱਗਣ ਨਾਲ ਵਿਆਹ ਸਮਾਗਮ 'ਚ ਸ਼ਾਮਿਲ ਹੋਏ ਵਿਅਕਤੀਆਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ | ਲੋਕਾਂ 'ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ | ਡਾਕਟਰਾਂ ਅਨੁਸਾਰ ਕਰੀਬ 80 ਮਰੀਜ਼ ਹਸਪਤਾਲ 'ਚ ਦਾਖ਼ਲ ਹੋਏ ਹਨ ਜਿਨ੍ਹਾਂ 'ਚੋਂ ਕੁਝ ਕੁ ਮਰੀਜ਼ਾਂ ਨੂੰ ਵਧੀਆ ਇਲਾਜ ਲਈ ਦੂਸਰੇ ਹਸਪਤਾਲਾਂ ਵਿਚ ਭੇਜ ਦਿੱਤਾ ਗਿਆ ਹੈ, ਜਦਕਿ ਬਾਹਰੀ ਹਸਪਤਾਲਾਂ 'ਚ ਦਾਖਲ ਮਰੀਜ਼ਾਂ ਦੀ ਗਿਣਤੀ ਸਮੇਤ ਮਰੀਜ਼ਾਂ ਦਾ ਅੰਕੜਾ 125 ਤੋਂ ਪਾਰ ਕਰ ਚੁੱਕਿਆ ਹੈ | ਇਸ ਮੌਕੇ ਪਹੁੰਚੇ ਕੈਬਨਿਟ ਮੰਤਰੀ ਸ੍ਰੀ ਬਰਿੰਦਰ ਗੋਇਲ ਨੇ ਕਿਹਾ ਕਿ ਕਈ ਲੋਕ ਸਰਕਾਰੀ ਹਸਪਤਾਲਾਂ ਵਿਚ ਤੇ ਕਈ ਪ੍ਰਾਈਵੇਟ ਹਸਪਤਾਲਾਂ ਵਿਚ ਦਾਖ਼ਲ ਹੋਏ ਹਨ | ਇਸ ਸਮੇਂ ਮੂਨਕ ਹਸਪਤਾਲ ਵਿਚ ਕਰੀਬ 80 ਮਰੀਜ਼ ਦਾਖ਼ਲ ਹਨ ਜਿਨ੍ਹਾਂ ਵਿਚ ਬੱਚੇ, ਔਰਤਾਂ ਤੇ ਪੁਰਸ਼ ਵੀ ਹਨ | ਇਨ੍ਹਾਂ ਦਾ ਇਲਾਜ ਸਰਕਾਰੀ ਤੌਰ 'ਤੇ ਚੱਲ ਰਿਹਾ ਹੈ ਅਤੇ ਕਰੀਬ 10 ਮਰੀਜ਼ਾਂ ਨੂੰ ਦੂਸਰੇ ਹਸਪਤਾਲ ਵਿਚ ਭੇਜ ਦਿੱਤਾ ਗਿਆ ਹੈ ਜੋ ਕਿ ਠੀਕ ਮਹਿਸੂਸ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਸਿਵਲ ਸਰਜਨ ਡਾ. ਅਮਰਜੀਤ ਕੌਰ ਤੇ ਐਸ.ਐਮ.ਓ. ਡਾਕਟਰ ਸੁਖਲੀਨ ਕੌਰ ਸਾਰੇ ਮਸਲੇ ਦੀ ਖੁਦ ਨਿਗਰਾਨੀ ਕਰ ਰਹੇ ਹਨ | ਪ੍ਰਸ਼ਾਸਨਿਕ ਅਧਿਕਾਰੀ ਐਸ.ਡੀ.ਐਮ. ਰਕੇਸ਼ ਪ੍ਰਕਾਸ਼ ਗੁਪਤਾ ਤੇ ਡੀ. ਐਸ.ਪੀ. ਰਜੇਸ਼ ਸਨੇਹੀ ਵੀ ਨਿਗਰਾਨੀ ਕਰ ਰਹੇ ਹਨ | ਮਰੀਜ਼ਾਂ ਦੇ ਇਲਾਜ ਲਈ ਡਾਕਟਰ ਤੇ ਪੈਰਾ ਮੈਡੀਕਲ ਸਟਾਫ਼, ਦਵਾਈਆਂ ਅਤੇ ਤਿੰਨ ਐਂਬੂਲੈਂਸਾਂ ਤਿਆਰ ਖੜ੍ਹੀਆਂ ਹਨ | ਇਸ ਮਾਮਲੇ ਦੀ ਜਾਂਚ ਤੇ ਜਾਗਰੂਕਤਾ ਲਈ ਸਰਵੇਖਣ ਟੀਮਾਂ ਕਾਰਜਸ਼ੀਲ ਹਨ ਅਤੇ ਮਰੀਜ਼ਾਂ ਨੂੰ ਠੀਕ ਹੋਣ ਲਈ ਇਕ ਦੋ ਦਿਨ ਦਾ ਸਮਾਂ ਜ਼ਰੂਰ ਲੱਗੇਗਾ | ਸ੍ਰੀ ਗੋਇਲ ਨੇ ਕਿਹਾ ਕਿ ਮਿਲਾਵਟੀ ਸਾਮਾਨ ਵੇਚਣ ਵਾਲਿਆਂ ਵਿਰੁੱਧ ਸਖ਼ਤ ਕਾਨੂੰਨ ਬਣਾਉਣ ਲਈ ਵਿਧਾਨ ਸਭਾ ਵਿਚ ਮਤਾ ਵੀ ਪਾਸ ਕਰਵਾਵਾਂਗੇ | ਇਸ ਮੌਕੇ ਉਨ੍ਹਾਂ ਨਾਲ ਪੀ.ਏ. ਰਕੇਸ਼ ਗਰਗ, ਨਗਰ ਪੰਚਾਇਤ ਮੂਨਕ ਦੇ ਪ੍ਰਧਾਨ ਜੋਨੀ ਅਰੋੜਾ, ਸਮੂਹ ਐਮ ਸੀ ਅਤੇ ਪਿੰਡ ਦੇ ਪਤਵੰਤੇ ਸੱਜਣ ਤੇ ਮਰੀਜ਼ਾਂ ਦੇ ਪਰਿਵਾਰਕ ਮੈਂਬਰ ਮੌਜੂਦ ਸਨ |