ਗੁਰਦੁਆਰਾ ਪ੍ਰਬੰਧਕਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਭਾਈ ਵਡਾਲਾ ਦੀ ਕੀਤੀ ਸ਼ਿਕਾਇਤ
ਭਿੱਖੀਵਿੰਡ, 14 ਜੂਨ (ਬੌਬੀ)-ਗੁਰਦੁਆਰਾ ਜਨਮ ਸਥਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਪਹੂਵਿੰਡ ਵਿਖੇ ਬੀਤੀ 10 ਜੂਨ ਨੂੰ ਰਾਤ ਸਮੇਂ ਚੱਲਦੇ ਸ੍ਰੀ ਅਖੰਡ ਪਾਠ ਸਾਹਿਬ ਦੌਰਾਨ ਏ.ਸੀ. ਦੇ ਫਟਣ ਨਾਲ ਕਮਰੇ ਵਿਚ ਅੱਗ ਲੱਗ ਗਈ | ਇਸ ਦੌਰਾਨ ਗੁਰਦੁਆਰਾ ਪ੍ਰਬੰਧਕਾਂ ਵਲੋਂ ਭਾਵੇਂ ਇਹ ਕਿਹਾ ਗਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੂਰੀ ਤਰ੍ਹਾਂ ਬਚਾਅ ਕਰ ਲਿਆ ਗਿਆ ਹੈ, ਪਰ ਕੁਝ ਲੋਕਾਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ | ਜਿਸ ਤਹਿਤ ਐਤਵਾਰ ਨੂੰ ਪ੍ਰਚਾਰਕ ਭਾਈ ਬਲਦੇਵ ਸਿੰਘ ਵਡਾਲਾ, ਸੁਖਜੀਤ ਸਿੰਘ ਖੋਸਾ ਆਪਣੇ ਕਰੀਬ 15-20 ਸਾਥੀਆਂ ਸਮੇਤ ਗੁਰਦੁਆਰਾ ਜਨਮ ਸਥਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਪਹੂਵਿੰਡ ਵਿਖੇ ਪਹੁੰਚੇ, ਜਿੱਥੇ ਗੁਰਦੁਆਰਾ ਵਿਚ ਮੌਜੂਦ ਕੁਝ ਲੋਕਾਂ ਤੇ ਭਾਈ ਵਡਾਲਾ ਸਮਰਥਕਾਂ ਵਿਚ ਧੱਕਾ ਮੁੱਕੀ ਹੋਈ | ਇਸ ਨਾਲ ਵਿਵਾਦ ਕਾਫੀ ਵਧ ਗਿਆ ਤੇ ਮਾਹੌਲ ਪੂਰਾ ਤਣਾਅਪੂਰਨ ਬਣ ਗਿਆ | ਇਸ ਸੰਬੰਧੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਰਨਲ ਹਰੀਸਿਮਰਨ ਸਿੰਘ ਸੰਧੂ ਨੇ ਸ੍ਰੀ ਅਕਾਲ ਤਖਤ ਸਾਹਿਬ ਅੰਮਿ੍ਤਸਰ ਦੇ ਜਥੇਦਾਰ ਨੂੰ ਚਿੱਠੀ ਲਿਖ ਕੇ ਭਾਈ ਬਲਦੇਵ ਸਿੰਘ ਵਡਾਲਾ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ | ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਲਿਖੀ ਚਿੱਠੀ ਵਿਚ ਕਿਹਾ 10 ਜੂਨ ਦਿਨ ਬੁੱਧਵਾਰ ਨੂੰ ਕਮਰਾ ਨੰਬਰ ਇਕ ਵਿਚ ਅਖੰਡ ਪਾਠ ਚੱਲ ਰਹੇ ਸਨ, ਜਿਥੇ ਰਾਤ ਨੂੰ 2 ਵਜੇ ਏ.ਸੀ. ਸ਼ਾਰਟ ਸਰਕਟ ਨਾਲ ਅੱਗ ਲੱਗ ਗਈ | ਗ੍ਰੰਥੀ ਸਿੰਘ ਨੇ ਆਪਣੀ ਸੂਝ-ਬੂਝ ਦੇ ਨਾਲ ਦੋਵੇਂ ਪ੍ਰਕਾਸ਼ਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਬਾਹਰ ਕੱਢ ਲਏ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਬਾਹਰ ਕੱਢਣ ਦੌਰਾਨ ਹੀ ਏ.ਸੀ. ਦਾ ਵੱਡਾ ਧਮਾਕਾ ਹੋਇਆ ਤੇ ਕਮਰੇ ਵਿਚ ਪੂਰੀ ਅੱਗ ਫੈਲ ਗਈ | ਸਿੱਖ ਸਦਭਾਵਨਾ ਦਲ ਦੇ ਪ੍ਰਧਾਨ ਬਲਦੇਵ ਸਿੰਘ ਵਡਾਲਾ ਆਪਣੇ ਸਾਥੀਆਂ ਨਾਲ ਗੁਰਦੁਆਰਾ ਸਾਹਿਬ ਪਹੁੰਚੇ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਨੇਜ਼ਰ ਨੇ ਉਨ੍ਹਾਂ ਨੂੰ ਸਾਰੀ ਸਥਿਤੀ ਬਾਰੇ ਜਾਣੂ ਕਰਵਾਇਆ | 14 ਜੂਨ ਦਿਨ ਐਤਵਾਰ ਨੂੰ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਵਿਖੇ ਫਿਰ ਬਲਦੇਵ ਸਿੰਘ ਵਡਾਲਾ ਆਪਣੇ ਨਾਲ ਨਿਹੰਗ ਜਥੇਬੰਦੀਆਂ ਲੈ ਕੇ ਅਤੇ ਹਥਿਆਰਾਂ ਨਾਲ ਲੈਸ ਹੋ ਕੇ ਗੁਰਦੁਆਰਾ ਪਹੂਵਿੰਡ ਪਹੁੰਚੇ ਤੇ ਕਮਰੇ ਮਗਰ ਖੜ ਕੇ ਬਲਦੇਵ ਸਿੰਘ ਵਡਾਲਾ ਕਹਿ ਰਿਹਾ ਸੀ ਕਿ ਇੱਥੇ ਬੇਅਦਬੀ ਹੋਈ ਹੈ | ਸੰਗਤਾਂ ਨੇ ਰੋਹ ਵਿਚ ਆ ਕੇ ਭਾਈ ਵਡਾਲਾ ਦਾ ਵਿਰੋਧ ਕੀਤਾ | ਇਹ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਧਿਆਨ ਵਿਚ ਲਿਆਉਣ 'ਤੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰਾਂ ਨੇ ਸਾਰੀ ਘਟਨਾ ਦਾ ਜਾਇਜ਼ਾ ਲੈਂਦਿਆਂ ਆਪਣੀ ਰਿਪੋਰਟ ਵੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਪੇਸ਼ ਕਰ ਦਿੱਤੀ | ਐਤਵਾਰ ਨੂੰ ਫਿਰ ਭਾਈ ਬਲਦੇਵ ਸਿੰਘ ਵਡਾਲਾ ਵਲੋਂ ਗੁਰਦੁਆਰਾ ਸਾਹਿਬ ਵਿਖੇ ਆ ਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਖ਼ਿਲਾਫ਼ ਬਿਆਨਬਾਜ਼ੀ ਸ਼ੁਰੂ ਕਰ ਦਿੱਤੀ | ਉਥੇ ਮੌਜੂਦ ਸੰਗਤ ਵਲੋਂ ਭਾਈ ਵਡਾਲਾ ਦਾ ਤਿੱਖਾ ਵਿਰੋਧ ਕੀਤਾ ਗਿਆ ਤੇ ਤਕਰਾਰ ਦੌਰਾਨ ਸੰਗਤਾਂ ਨਾਲ ਹੱਥੋਂ ਪਾਈ ਵੀ ਹੋਈ | ਉਨ੍ਹਾਂ ਦੋਸ਼ ਲਗਾਇਆ ਕਿ ਭਾਈ ਵਡਾਲਾ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਕਾਰਨ ਸੰਗਤ ਵਿਚ ਰੋਸ ਪਾਇਆ ਜਾ ਰਿਹਾ ਹੈ | ਉਨ੍ਹਾਂ ਭਾਈ ਵਡਾਲਾ ਅਤੇ ਉਨ੍ਹਾਂ ਦੇ ਸਾਥੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ | ਦੂਜੇ ਪਾਸੇ ਭਾਈ ਵਡਾਲਾ ਨੇ ਕਿਹਾ ਕਿ ਉਹ ਗੁਰਦੁਆਰਾ ਸਾਹਿਬ ਵਿਖੇ ਪਛਚਾਤਾਪ ਲਈ ਸ਼ੁਰੂ ਕੀਤੇ ਗਏ ਅਖੰਡ ਪਾਠ ਮੌਕੇ ਪਹੁੰਚੇ ਸਨ, ਪਰ ਉਥੇ ਉਨ੍ਹਾਂ ਨਾਲ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵਲੋਂ ਖਿੱਚ ਧੂਹ ਕਰ ਮਰਿਆਦਾ ਨੂੰ ਭੰਗ ਕੀਤਾ ਗਿਆ | ਉਨ੍ਹਾਂ ਕਿਹਾ ਕਿ ਜਿਸ ਜਗ੍ਹਾ ਸ੍ਰੀ ਅਖੰਡ ਪਾਠ ਸਾਹਿਬ ਖੰਡਿਤ ਹੋਏ ਹਨ, ਉਸ ਜਗ੍ਹਾ ਨੂੰ ਪ੍ਰਬੰਧਕਾਂ ਵਲੋਂ ਤੁਰੰਤ ਸਾਫ਼ ਕਰ ਦਿੱਤਾ ਗਿਆ ਅਤੇ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਮੌਕੇ 'ਤੇ ਵੀ ਨਹੀਂ ਪਹੁੰਚਿਆ | ਉਨ੍ਹਾਂ ਕਿਹਾ ਕਿ ਇਹ ਦੇਖਣਾ ਚਾਹੀਦਾ ਹੈ ਕਿ ਪ੍ਰਬੰਧਕ ਕਮੇਟੀ ਵਲੋਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਰੱਖਿਅਤ ਰੱਖਣ ਦੇ ਦਾਅਵੇ ਕੀਤੇ ਗਏ ਹਨ, ਉਹ ਸੁਰੱਖਿਅਤ ਹਨ ਜਾਂ ਨਹੀਂ | ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਕਿ ਇਸ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਨੂੰ ਆਪਣੇ ਹੱਥਾਂ ਵਿਚ ਲਿਆ ਜਾਵੇ |
ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਪਹੂਵਿੰਡ ਸਾਹਿਬ ਵਿਖੇ ਗੁਰਦੁਆਰਾ ਪ੍ਰਬੰਧਕਾਂ ਅਤੇ ਭਾਈ ਵਡਾਲਾ ਵਿਚਕਾਰ ਹੋਇਆ ਵਿਵਾਦ
ਅਜੀਤ ਡੈਸਕ
15-06-2026