ਨਹਿਰ ਕਿਨਾਰੇ ਸੁੱਟੀਆਂ ਲਾਸ਼ਾਂ
ਡੇਰਾਬੱਸੀ/ਲਾਲੜੂ, 18 ਜੂਨ (ਰਣਬੀਰ ਸਿੰਘ ਪੜ੍ਹੀ/ਰਾਜਬੀਰ ਸਿੰਘ)-ਡੇਰਾਬੱਸੀ ਵਿਖੇ ਪ੍ਰਾਪਰਟੀ ਦਾ ਕਾਰੋਬਾਰ ਕਰਨ ਵਾਲੇ ਚਾਚੇ ਨੂੰ ਗੋਲੀਆਂ ਮਾਰ ਕੇ ਅਗਵਾ ਕਰਨ ਦੇ ਮਾਮਲੇ ‘ਚ ਪਾਣੀਪਤ ਦੇ ਪਿੰਡ ਉਗਰਾਖੇੜੀ ਦੇ ਰਹਿਣ ਵਾਲੇ ਮੁਲਜ਼ਮ ਭਤੀਜੇ ਸਾਹਿਲ ਮਲਿਕ ਨੇ ਨਾ ਸਿਰਫ਼ ਆਪਣੇ ਚਾਚੇ ਰਾਹੁਲ ਮਲਿਕ ਦਾ ਕਤਲ ਕੀਤਾ, ਸਗੋਂ ਪਾਣੀਪਤ ਪਹੁੰਚ ਕੇ ਆਪਣੇ ਇਕ ਨਜ਼ਦੀਕੀ ਦੋਸਤ ਨੂੰ ਸੱਦ ਕੇ ਉਸ ਨੂੰ ਵੀ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਹਾਸਿਲ ਜਾਣਕਾਰੀ ਮੁਤਾਬਿਕ ਬੀਤੀ ਸ਼ਾਮ ਡੇਰਾਬੱਸੀ ਸਥਿਤ ਪ੍ਰਾਪਰਟੀ ਦੇ ਦਫ਼ਤਰ ‘ਚ ਮੁਲਜ਼ਮ ਸਾਹਿਲ ਨੇ ਆਪਣੇ ਚਾਚੇ ਰਾਹੁਲ ਮਲਿਕ ‘ਤੇ ਤਾਬੜ-ਤੋੜ ਗੋਲੀਆਂ ਚਲਾ ਦਿੱਤੀਆਂ ਸਨ। ਵਾਰਦਾਤ ਤੋਂ ਬਾਅਦ ਉਹ ਚਾਚੇ ਦੀ ਹੀ ਸਫ਼ਾਰੀ ਗੱਡੀ ‘ਚ ਖ਼ੂਨ ਨਾਲ ਲੱਥਪੱਥ ਦੇਹ ਅਤੇ ਦਫ਼ਤਰ ‘ਚ ਲੱਗਿਆ ਸੀ. ਸੀ. ਟੀ. ਵੀ. ਕੈਮਰਿਆਂ ਦਾ ਡੀ. ਵੀ. ਆਰ. ਪੁੱਟ ਕੇ ਪਾਣੀਪਤ ਵੱਲ ਫ਼ਰਾਰ ਹੋ ਗਿਆ ਸੀ।
ਦੋਸਤ ਨੂੰ ਟੋਲ ਪਲਾਜ਼ਾ ‘ਤੇ ਬੁਲਾ ਕੇ ਮਾਰੀ ਗੋਲੀ-ਪੰਜਾਬ ਪੁਲਿਸ ਵਲੋਂ ਮੁਲਜ਼ਮ ਦੇ ਮੋਬਾਈਲ ਨੰਬਰ ਨੂੰ ਟ੍ਰੇਸਿੰਗ ‘ਤੇ ਲਗਾ ਕੇ ਲਗਾਤਾਰ ਉਸ ਦਾ ਪਿੱਛਾ ਕੀਤਾ ਜਾ ਰਿਹਾ ਸੀ, ਪਰ ਪਾਣੀਪਤ ਪਹੁੰਚਣ ਤੋਂ ਪਹਿਲਾਂ ਹੀ ਮੁਲਜ਼ਮ ਸਾਹਿਲ ਨੇ ਆਪਣੇ ਦੋਸਤ ਅੰਕੁਸ਼ (ਵਾਸੀ ਹਰੀ ਨਗਰ ਪਾਣੀਪਤ) ਨੂੰ ਫ਼ੋਨ ਕਰਕੇ ਪਾਣੀਪਤ ਟੋਲ ਪਲਾਜ਼ਾ ‘ਤੇ ਬੁਲਾ ਲਿਆ ਤੇ ਜਿਵੇਂ ਹੀ ਅੰਕੁਸ਼ ਉਸ ਦੀ ਗੱਡੀ ‘ਚ ਬੈਠਾ ਤਾਂ ਸਾਹਿਲ ਨੇ ਉਸ ਨੂੰ ਵੀ ਗੋਲੀ ਮਾਰ ਦਿੱਤੀ। ਮੁਲਜ਼ਮ ਦੋਵਾਂ ਲਾਸ਼ਾਂ ਨੂੰ ਠਿਕਾਣੇ ਲਗਾਉਣ ਦੀ ਫ਼ਿਰਾਕ ‘ਚ ਸੀ। ਜਦੋਂ ਉਹ ਪਾਣੀਪਤ ਨਹਿਰ ਵੱਲ ਵਧ ਰਿਹਾ ਸੀ ਤਾਂ ਉਸ ਨੂੰ ਸ਼ੱਕ ਹੋਇਆ ਕਿ ਪੁਲਿਸ ਉਸ ਦਾ ਪਿੱਛਾ ਕਰ ਰਹੀ ਹੈ। ਪੁਲਿਸ ਦੀ ਭਿਣਕ ਪੈਂਦਿਆਂ ਹੀ ਮੁਲਜ਼ਮ ਸਾਹਿਲ ਨੇ ਚਲਦੀ ਗੱਡੀ ‘ਚੋਂ ਚਾਚੇ ਰਾਹੁਲ ਮਲਿਕ ਅਤੇ ਦੋਸਤ ਅੰਕੁਸ਼ ਦੀਆਂ ਲਾਸ਼ਾਂ ਨੂੰ ਨਹਿਰ ਦੇ ਕਿਨਾਰੇ ਸੁੱਟ ਦਿੱਤਾ ਅਤੇ ਖ਼ੁਦ ਮੌਕੇ ਤੋਂ ਫ਼ਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਡੇਰਾਬੱਸੀ ਦੀ ਪੁਲਿਸ ਅਤੇ ਪਾਣੀਪਤ ਜ਼ਿਲ੍ਹੇ ਦੀ ਸਮਾਲਖਾ ਸੈਕਟਰ-29 ਦੇ ਥਾਣੇ ਦੀ ਪੁਲਿਸ ਸਮੇਤ ਤਿੰਨੋਂ ਸੀ. ਆਈ. ਏ. ਦੀਆਂ ਟੀਮਾਂ ਅਤੇ ਸਮਾਲਖਾ ਦੇ ਐਸ. ਐਚ. �. ਨਰਿੰਦਰ ਕਾਦਿਆਨ ਮੌਕੇ ‘ਤੇ ਪਹੁੰਚ ਗਏ। ਪੁਲਿਸ ਨੇ ਕਰੀਬ ਦੋ ਘੰਟਿਆਂ ਦੀ ਜਾਂਚ-ਪੜਤਾਲ ਤੋਂ ਬਾਅਦ ਰਾਹੁਲ ਮਲਿਕ ਦੀ ਲਾਸ਼ ਨੂੰ ਡੇਰਾਬੱਸੀ ਵਿਖੇ ਲਿਆਂਦਾ, ਜਿਥੇ ਕਿ ਮ੍ਰਿਤਕ ਦੇਹ ਦੇ ਪੋਸਟਮਾਟਮ ਮਗਰੋਂ ਉਸ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ।
ਡੇਰਾਬੱਸੀ ਵਿਖੇ ਚਾਚੇ ਨੂੰ ਗੋਲੀ ਮਾਰਨ ਤੋਂ ਬਾਅਦ ਭਤੀਜੇ ਨੇ ਪਾਣੀਪਤ ਲਿਜਾ ਕੇ ਦੋਸਤ ਦਾ ਵੀ ਕੀਤਾ ਕਤਲ
ਅਜੀਤ ਡੈਸਕ
19-06-2026