ਲੈਸਟਰ (ਇੰਗਲੈਂਡ), 19 ਜੂਨ (ਸੁਖਜਿੰਦਰ ਸਿੰਘ ਢੱਡੇ)-ਐਨ.ਆਰ.ਆਈ. ਯੂਨੀਅਨ ਨੇ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ‘ਚ ਆਪਣੇ ਉਮੀਦਵਾਰ ਮੈਦਾਨ ‘ਚ ਉਤਾਰਨ ਦਾ ਐਲਾਨ ਕਰ ਦਿੱਤਾ ਹੈ| ਇਸ ਸਬੰਧੀ ਇਕ ਪ੍ਰੈਸ ਕਾਨਫਰੰਸ ਮੌਕੇ ਐਨ.ਆਰ.ਆਈ ਯੂਨੀਅਨ ਵਰਲਡ ਦੇ ਪ੍ਰਧਾਨ ਦੇਵ ਸਿੰਘ ਥਿੰਦ ਨੇ ਕਿਹਾ ਕਿ ਵੱਖ-ਵੱਖ ਦੇਸ਼ਾਂ ‘ਚ ਵਸਦੇ ਪ੍ਰਵਾਸੀ ਪੰਜਾਬੀਆਂ ਨੂੰ ਹਮੇਸ਼ਾ ਹੀ ਸਿਆਸੀ ਪਾਰਟੀਆਂ ਵੱਲੋਂ ਸਿਰਫ਼ ਚੋਣਾਂ ਦੌਰਾਨ ਯਾਦ ਕੀਤਾ ਜਾਂਦਾ ਹੈ ਤੇ ਵੱਡੇ-ਵੱਡੇ ਵਾਅਦੇ ਕਰਕੇ ਉਨ੍ਹਾਂ ਦੀ ਹਮਾਇਤ ਹਾਸਲ ਕੀਤੀ ਜਾਂਦੀ ਹੈ, ਪਰ ਸਰਕਾਰਾਂ ਬਣਨ ਤੋਂ ਬਾਅਦ ਐਨ.ਆਰ.ਆਈਆਂ ਦੀਆਂ ਸਮੱਸਿਆਵਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ| ਦੇਵ ਸਿੰਘ ਥਿੰਦ ਨੇ ਐਲਾਨ ਕੀਤਾ ਕਿ ਐਨ.ਆਰ.ਆਈ. ਯੂਨੀਅਨ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ‘ਚ 117 ਵਿੱਚੋਂ 117 ਹਲਕਿਆਂ ਤੋਂ ਉਮੀਦਵਾਰ ਖੜ੍ਹੇ ਕਰੇਗੀ ਤੇ ਪੰਜਾਬ ‘ਚ ਆਪਣੀ ਸਰਕਾਰ ਬਣਾਉਣ ਲਈ ਲੋਕਾਂ ਦਾ ਸਮਰਥਨ ਮੰਗੇਗੀ| ਇਸ ਮੌਕੇ ਦੇਵ ਸਿੰਘ ਥਿੰਦ ਨੇ ਕਪੂਰਥਲਾ ਜ਼ਿਲ੍ਹੇ ਨਾਲ ਸਬੰਧਤ ਸੀਨੀਅਰ ਐਨ.ਆਰ.ਆਈ ਆਗੂ ਮੁਖਤਿਆਰ ਸਿੰਘ ਝਨੇਰ ਨੂੰ ਐਨ.ਆਰ.ਆਈ ਯੂਨੀਅਨ ਇੰਗਲੈਂਡ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ| ਮੁਖਤਿਆਰ ਸਿੰਘ ਝਨੇਰ ਨੇ ਕਿਹਾ ਕਿ ਐਨ.ਆਰ.ਆਈ ਯੂਨੀਅਨ ਆਉਣ ਵਾਲੇ ਸਮੇਂ ‘ਚ ਵੱਡੇ ਪੱਧਰ ‘ਤੇ ਸਰਗਰਮੀਆਂ ਚਲਾਏਗੀ ਤੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਪੂਰੀ ਤਿਆਰੀ ਨਾਲ ਮੈਦਾਨ ‘ਚ ਉਤਰੇਗੀ|