ਬਿਜਲੀ ਦੀ ਮੰਗ 17000 ਮੈਗਾਵਾਟ ਤੋਂ ਟੱਪੀ, ਨਿਰਵਿਘਨ ਸਪਲਾਈ ’ਚ ਪਾਵਰਕਾਮ ਦੇ ਹੱਥ ਖੜ੍ਹੇ ਹੋਏ
ਲਹਿਰਾ ਮੁਹੱਬਤ, 30 ਜੂਨ (ਸੁਖਪਾਲ ਸਿੰਘ ਸੁੱਖੀ)-ਪੰਜਾਬ ਭਰ ਵਿਚ ਪੈਦਾ ਹੋਏ ਗੰਭੀਰ ਬਿਜਲੀ ਸੰਕਟ ਦੇ ਦੂਜੇ ਦਿਨ ਵੀ ਅੱਤ ਦੀ ਹੁੰਮਸ ਭਰੀ ਗਰਮੀ ਤੇ ਪੈਡੀ ਸੀਜ਼ਨ ਜ਼ੋਰਾਂ ’ਤੇ ਹੋਣ ਕਰਕੇ ਬਿਜਲੀ ਦੀ ਮੰਗ ਅੱਜ ਵੀ 17085.14 ਮੈਗਾਵਾਟ ਹੋ ਗਈ ਸੀ, ਇਸ ਸਥਿਤੀ ਵਿਚ ਪਾਵਰਕਾਮ ਦੇ ਕਿਸਾਨਾਂ ਨੂੰ 8 ਘੰਟੇ ਚੋਂ 4 ਤੋਂ 5 ਘੰਟੇ ਤੇ ਘਰੇਲੂ ਖਪਤਕਾਰਾਂ ਲਈ ਵਾਰ-ਵਾਰ ਕੱਟ ਲਾ ਕੇ ਨਿਰਵਿਘਨ ਸਪਲਾਈ ਦੇਣ ਦੇ ਅਗਾਊਂ ਪ੍ਰਬੰਧਾਂ ’ਚ ਹੱਥ ਖੜ੍ਹੇ ਦਿਖਾਈ ਦਿੱਤੇ । ਬੀਤੇ ਦਿਨ 29 ਜੂਨ ਨੂੰ 17147 ਮੈਗਾਵਾਟ ਸੀ, ਪਰ ਉਸੇ ਰਾਤ ਸਮੇਂ 2 ਤੋਂ 4 ਘੰਟੇ ਦੇ ਘਰੇਲੂ, ਖੇਤੀ ਤੇ ਸਨਅਤ ਸਪਲਾਈ ਨੂੰ ਪਾਵਰਕੱਟ ਲਾ ਕੇ ਡੰਗ ਟਪਾਇਆ। ਉਤਰੀ ਭਾਰਤ ਦੇ 9 ਸੂਬਿਆਂ ਚੋਂ ਸਭ ਤੋਂ ਵੱਧ ਬਾਹਰੋਂ ਬਿਜਲੀ 11535.51 ਮੈਗਾਵਾਟ ਬਿਜਲੀ ਖ਼ਰੀਦ ਕਰਨੀ ਪਈ। ਉੱਥੇ ਪੰਜਾਬ ਦਾ ਆਪਣਾ ਬਿਜਲੀ ਉਤਪਾਦਨ ਲਗਭਗ 5550 ਮੈਗਾਵਾਟ ਦੇ ਕਰੀਬ ਸੀ। ਕੇਂਦਰੀ ਪੂਲ ’ਚੋਂ ਬਿਜਲੀ ਖ਼ਰੀਦ ਕਰਨ ਨਾਲ ਪਾਵਰਕਾਮ ਆਰਥਿਕ ਮੰਦਹਾਲੀ ਦੇ ਦੌਰ ਵਿਚ ਹੋਰ ਧਸਿਆ ਹੈ। ਅੱਜ ਦਿਨ ਸਮੇਂ ਵੀ ਸੁਧਾਰ ਦੀ ਥਾਂ ਵਾਰ-ਵਾਰ ਕੱਟ ਲਾ ਕੇ ਬਿਜਲੀ ਸਪਲਾਈ ਦੀ ਸਥਿਤੀ ਜਿਉਂ ਦੀ ਤਿਉਂ ਹੀ ਰਹੀ । ਮਿਲੀ ਜਾਣਕਾਰੀ ਅਨੁਸਾਰ ਸੂਬੇ ਭਰ ਵਿਚ ਬਿਜਲੀ ਦੇ ਅਣ-ਐਲਾਨੇ ਕੱਟਾਂ ਤੋਂ ਪ੍ਰੇਸ਼ਾਨ ਪੈਡੀ ਸੀਜ਼ਨ ਵਿਚ ਰੁੱਝੇ ਘਰੇਲੂ ਖਪਤਕਾਰਾਂ ਸਮੇਤ ਕਿਸਾਨਾਂ ਤੇ ਕਿਸਾਨ ਜਥੇਬੰਦੀਆਂ ਵਲੋਂ ਸੜਕਾਂ ਤੇ ਗਰਿੱਡਾਂ ਸਾਹਮਣੇ ਧਰਨੇ ਪ੍ਰਦਰਸ਼ਨ ਕੀਤੇ ਗਏ । ਇਸ ਸਮੇਂ ਪਾਵਰਕਾਮ ਦੀ ਆਪਣੀ ਬਿਜਲੀ ਪੈਦਾਵਾਰ ਸਵਾਲਾਂ ਦੇ ਘੇਰੇ ਵਿਚ ਹੈ ਤੇ ਬਾਹਰੋਂ ਬਿਜਲੀ ਖ਼ਰੀਦ ਕਰਕੇ ਡੰਗ ਟਪਾਊ ਨੀਤੀ ਤਹਿਤ ਸੂਬੇ ਦੇ ਮੌਜੂਦਾ ਡਿਮਾਂਡ ਦੇ ਬਣੇ ਖਸਾਰੇ ਨੂੰ ਭਰਨ ਲਈ ਪਾਵਰ ਨਿਗਮ ਕੋਲ ਕੀ ਪਾਵਰ ਕੱਟ ਹੀ ਹੱਲ ਹੈ। ਪਾਵਰਕਾਮ ਮੈਨੇਜਮੈਂਟ ਸਥਿਤੀ ਨੂੰ ਕੰਟਰੋਲ ਕਰਨ ਵਿਚ ਨਾਕਾਮਯਾਬ ਜਾਪ ਰਹੀ ਹੈ। ਇਸ ਮਾਮਲੇ ਵਿਚ ਲਹਿਰਾ ਮੁਹੱਬਤ ਤਾਪ ਬਿਜਲੀ ਘਰ ਦੇ ਆਊਟ ਸੋਰਸਡ ਠੇਕਾ ਮੁਲਾਜ਼ਮਾਂ ਦੇ ਪ੍ਰਧਾਨ ਤੇ ਸਾਂਝੀ ਕੰਟਰੈਕਟਰ ਵਰਕਰਜ਼ ਸੰਘਰਸ਼ ਕਮੇਟੀ ਏਟਕ ਪੰਜਾਬ ਦੇ ਕੋ-ਕਨਵੀਨਰ ਸੁਖਵਿੰਦਰ ਸਿੰਘ ਬਾਠ ਨੇ ਕਿਹਾ ਕਿ ਸੂਬੇ ਵਿਚ ਪੈਦਾ ਹੋਏ ਬਿਜਲੀ ਸੰਕਟ ਲਈ ਪਾਵਰਕਾਮ ਤੇ ਸਰਕਾਰ ਸਿੱਧੀ ਜ਼ਿੰਮੇਵਾਰ ਹੈ, ਕਿਉਂਕਿ ਸਰਕਾਰੀ ਥਰਮਲਾਂ ਵਿਚ 15-20 ਸਾਲਾਂ ਤੋਂ ਨਿਗੂਣੀਆਂ ਉਜ਼ਰਤਾਂ ’ਤੇ ਠੇਕਾ ਪ੍ਰਣਾਲੀ ਰਾਹੀਂ ਕੰਮ ਕਰਦੇ ਆ ਰਹੇ ਹਨ । ਬੀਤੇ ਦਿਨੀਂ 24 ਮਈ 2026 ਨੂੰ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਨੇ ਜਥੇਬੰਦੀ ਨੂੰ 15 ਜੂਨ ਤੱਕ ਪਾਵਰਕਾਮ ਵਿਚ ਮਰਜ਼ ਕਰਕੇ ਨੋਟੀਫ਼ਿਕੇਸ਼ਨ ਜਾਰੀ ਕਰਨ ਤੇ ਨਿਯੁਕਤ ਕਰਨ ਦਾ ਲਿਖਤੀ ਭਰੋਸਾ ਦਿਵਾਇਆ ਸੀ। ਜਿਸ ਕਾਰਨ ਵਾਅਦਾ ਖ਼ਿਲਾਫ਼ੀ ਦੇ ਰੋਸ ਵਜੋਂ 16 ਜੂਨ ਤੋਂ ਅੱਜ 15ਵੇਂ ਦਿਨ ਵੀ ਹੜਤਾਲ ਜਾਰੀ ਹੈ। ਸਰਕਾਰ ਦੀ ਅੜੀਅਲ ਨੀਤੀ ਕਰਕੇ ਵਿਭਾਗ ਕਰੋੜਾਂ ਦੇ ਘਾਟੇ ਵਿਚ ਜਾ ਰਿਹਾ ਹੈ। ਇਸੇ ਸਥਿਤੀ ਵਿਚ ਲਹਿਰਾ ਮੁਹੱਬਤ ਤੇ ਰੋਪੜ ਥਰਮਲ ਦਾ ਬਿਜਲੀ ਉਤਪਾਦਨ ਪ੍ਰਭਾਵਿਤ ਹੋਣ ਕਰਕੇ 2300 ਮੈਗਾਵਾਟ ਦੀ ਥਾਂ 1500 ਮੈਗਾਵਾਟ ਹੋ ਰਿਹਾ ਹੈ। ਲਹਿਰਾ ਥਰਮਲ ਦਾ 250 ਮੈਗਾਵਾਟ ਦਾ ਇੱਕ ਯੂਨਿਟ ਅਜੇ ਵੀ ਬੰਦ ਹੈ । ਦੂਜੇ ਪਾਸੇ ਹੜਤਾਲ ਕਾਰਨ ਬਿਜਲੀ ਉਤਪਾਦਨ ਤਾਂ ਘਟਿਆ ਹੀ ਹੈ, ਉੱਥੇ ਕੋਲ ਰੈਕ ਅਨਲੋਡ ਨਾ ਹੋਣ ਕਾਰਨ ਸਪਲਾਈ ਠੱਪ ਕਰਨ ਵਾਲੀ ਨੌਬਤ ਆ ਗਈ ਹੈ। ਲਹਿਰਾ ਮੁਹੱਬਤ ਤੇ ਰੋਪੜ ਦੇ ਯੂਨਿਟ ਆਪਣੀ ਸਮਰੱਥਾ ਨਾਲੋਂ ਅੱਧੇ ਕਰਕੇ ਹੀ ਚਲਾਏ ਜਾ ਰਹੇ ਹਨ ।
ਅੱਤ ਦੀ ਗਰਮੀ ਨੇ ਕੱਢੇ ਵੱਟ, ਸੂਬੇ ’ਚ ਦਿਨ ਭਰ ਚੱਲੇ ਪਾਵਰਕੱਟ
ਅਜੀਤ ਡੈਸਕ
01-07-2026