ਮਾਨਸਾ, 30 ਜੂਨ (ਬਲਵਿੰਦਰ ਸਿੰਘ ਧਾਲੀਵਾਲ)- ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਦੀ ਸ਼ਿਕਾਇਤ ’ਤੇ ਪਤੀ-ਪਤਨੀ ’ਤੇ ਮੁਕੱਦਮਾ ਦਰਜ ਕੀਤਾ ਗਿਆ ਹੈ । ਦੋਵਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਬਲਕੌਰ ਸਿੰਘ ਨੇ ਕਰਮਜੀਤ ਸਿੰਘ ਹੀਰਕੇ ਦੀ ਪਿੰਡ ਮੂਸਾ ਵਿਖੇ ਸਥਾਪਤ ਕੋਠੀ 1 ਕਰੋੜ 87 ਲੱਖ ਰੁਪਏ ਦੀ ਖ਼ਰੀਦੀ ਸੀ । ਉਨ੍ਹਾਂ ਰਜਿਸਟਰੀ ਵੀ ਕਰਵਾ ਲਈ ਅਤੇ ਸਾਰੇ ਪੈਸੇ ਵੀ ਅਦਾ ਕਰ ਦਿੱਤੇ ਪ੍ਰੰਤੂ ਸਬੰਧਿਤ ਵਿਅਕਤੀ ਕੋਠੀ ਦਾ ਕਬਜ਼ਾ ਨਹੀਂ ਛੱਡ ਰਿਹਾ ਸੀ। ਇਸ ਮੁੱਦੇ ਨੂੰ ਲੈ ਕੇ ਮੂਸੇਵਾਲਾ ਪਰਿਵਾਰ ਪਿਛਲੇ ਸਮੇਂ ਤੋਂ ਪ੍ਰਸ਼ਾਸਨ ’ਤੇ ਗੰਭੀਰ ਦੋਸ਼ ਲਗਾ ਰਿਹਾ ਸੀ । ਡੀ. ਐਸ. ਪੀ. ਸਬ ਡਵੀਜ਼ਨ ਮਾਨਸਾ ਹਰਜਿੰਦਰ ਸਿੰਘ ਗਿੱਲ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਕਰਮਜੀਤ ਸਿੰਘ ਤੇ ਉਸ ਦੀ ਪਤਨੀ ਗੁਰਪ੍ਰੀਤ ਕੌਰ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਪਰਚਾ ਦਰਜ ਕਰਨ ਉਪਰੰਤ ਗ੍ਰਿਫ਼ਤਾਰ ਕਰ ਲਿਆ ਹੈ। ਦੂਸਰੇ ਪਾਸੇ ਭਾਕਿਯੂ (ਡਕੌਂਦਾ) ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਭੈਣੀਬਾਘਾ ਨੇ ਦੋਸ਼ ਲਗਾਇਆ ਕਿ ਪੁਲਿਸ ਪ੍ਰਸ਼ਾਸਨ ਨਾਲ ਮਿਲ ਕੇ ਧੱਕੇਸ਼ਾਹੀ ਕੀਤੀ ਗਈ ਹੈ । ਉਨ੍ਹਾਂ ਕਿਹਾ ਕਿ ਸਬੰਧਿਤ ਵਿਅਕਤੀ ਕੋਲ 1 ਕਰੋੜ 68 ਲੱਖ ਰੁਪਿਆ ਗਿਆ ਹੈ ਜਦਕਿ 19 ਲੱਖ ਰੁਪਿਆ ਬਕਾਇਆ ਹੈ । ਉਨ੍ਹਾਂ ਕਿਹਾ ਕਿ ਰਜਿਸਟਰੀ ਕਰਵਾਉਣ ਵੇਲੇ ਵੀ ਉਸ ਵੇਲੇ ਦੇ ਡੀ.ਐਸ.ਪੀ. ਨੇ ਕਰਮਜੀਤ ਸਿੰਘ ਨੂੰ ਗੈਰ ਕਾਨੂੰਨੀ ਹਿਰਾਸਤ ’ਚ ਰੱਖ ਕੇ ਡਰਾ-ਧਮਕਾ ਕੇ ਰਜਿਸਟਰੀ ਕਰਵਾਈ ਸੀ । ਉਨ੍ਹਾਂ ਕਿਹਾ ਕਿ ਸਬੰਧਿਤ ਕੋਠੀ ਅੱਗੇ ਜਥੇਬੰਦੀ ਨੇ ਮੋਰਚਾ ਲਗਾ ਦਿੱਤਾ ਹੈ, ਜੋ ਨਿਰੰਤਰ ਜਾਰੀ ਰਹੇਗਾ ।
ਸਿੱਧੂ ਮੂਸੇਵਾਲਾ ਦੇ ਪਿਤਾ ਦੀ ਸ਼ਿਕਾਇਤ ’ਤੇ ਪਤੀ-ਪਤਨੀ ’ਤੇ ਮੁਕੱਦਮਾ ਦਰਜ, ਗ੍ਰਿਫ਼ਤਾਰ, ਮਾਮਲਾ ਕੋਠੀ ’ਤੇ ਕਬਜ਼ਾ ਨਾ ਛੱਡਣ ਦਾ
ਅਜੀਤ ਡੈਸਕ
01-07-2026