ਸੰਗਤ ਮੰਡੀ (ਬਠਿੰਡਾ), 1 ਜੁਲਾਈ (ਸੁਖਤੇਜ ਧਾਲੀਵਾਲ)-ਅੱਜ ਸਵੇਰੇ ਬਠਿੰਡਾ-ਡੱਬਵਾਲੀ ਮੁੱਖ ਮਾਰਗ ’ਤੇ ਹੋਏ ਦਰਦਨਾਕ ਸੜਕ ਹਾਦਸੇ ਵਿਚ ਦੋ ਪਰਿਵਾਰਾਂ ਦੇ ਪਤੀ-ਪਤਨੀ ਸਮੇਤ ਚਾਰ ਲੋਕਾਂ ਦੀ ਮੌਤ ਅਤੇ 9 ਜਣੇ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ 5 ਵਜੇ ਦੇ ਕਰੀਬ ਬਠਿੰਡਾ-ਡੱਬਵਾਲੀ ਨੈਸ਼ਨਲ ਹਾਈਵੇ (54) ’ਤੇ ਪੈਂਦੇ ਪਿੰਡ ਜੋਧਪੁਰ ਰੋਮਾਣਾ ਅਤੇ ਗੁਰੂਸਰ ਸੈਣੇਵਾਲਾ ਦੇ ਵਿਚਕਾਰ ਇਕ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਯਾਤਰੀਆਂ ਨੂੰ ਲਿਜਾ ਰਹੀ ਟੈਂਪੂ ਟਰੈਵਲਰ ਗੱਡੀ ਨੰਬਰ ਆਰ. ਜੇ 04 ਪੀ ਏ-5675 ਜਿਸ ਵਿਚ ਡਰਾਇਵਰ ਸਮੇਤ 13 ਲੋਕ ਸਵਾਰ ਸਨ । ਸੜਕ ਦੇ ਕਿਨਾਰੇ ਖੜ੍ਹੇ ਘੋੜੇ ਟਰਾਲਾ ਨੰਬਰ ਆਰ. ਜੇ 07 ਜੀ. ਐਫ.-8636 ਦੇ ਨਾਲ ਪਿੱਛੋਂ ਜਾ ਟਕਰਾਈ। ਟੱਕਰ ਐਨੀ ਭਿਆਨਕ ਸੀ ਕਿ ਗੱਡੀ ਦੀ ਪੂਰੀ ਛੱਤ ਪੱਟਕੇ ਪਿਛਲੇ ਪਾਸੇ ਚਲੀ ਗਈ ਅਤੇ ਗੱਡੀ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ। ਇਸ ਹਾਦਸੇ ਵਿਚ ਤਿੰਨ ਲੋਕਾਂ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ ਜਦੋਂਕਿ ਇਕ ਗੰਭੀਰ ਜ਼ਖ਼ਮੀ ਦੀ ਇਲਾਜ ਦੌਰਾਨ ਹਸਪਤਾਲ ਵਿਚ ਮੌਤ ਹੋ ਗਈ ਹੈ । ਟੈਂਪੂ ਟਰੈਵਲਰ ਗੱਡੀ ’ਚ ਸਵਾਰ ਸਾਰੇ ਯਾਤਰੀ ਗਾਂਧੀਪੁਰਾ ਬਲੋਤਰਾ ਜ਼ਿਲ੍ਹਾ ਬਾੜਮੇਰ ਰਾਜਸਥਾਨ ਦੇ ਰਹਿਣ ਵਾਲੇ ਸਨ । ਜੋ ਅਮਰਨਾਥ ਜੰਮੂ ਕਸ਼ਮੀਰ ਅਤੇ ਹੋਰਨਾਂ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਜਾ ਰਹੇ ਸਨ। ਗੱਡੀ ਵਿਚ ਸਵਾਰ ਦੋ ਪਰਿਵਾਰਾਂ ਦੇ ਪਤੀ ਪਤਨੀ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ ਤੇ ਦਰਜਨ ਦੇ ਕਰੀਬ ਗੰਭੀਰ ਜ਼ਖ਼ਮੀ ਹੋ ਗਏ। ਹਾਦਸਾ ਗ੍ਰਸਤ ਗੱਡੀ ’ਚ ਫਸੇ ਹੋਏ ਲੋਕਾਂ ਨੂੰ ਸਮਾਜ ਸੇਵੀਆਂ ਦੀ ਮੱਦਦ ਨਾਲ ਬਾਹਰ ਕੱਢਕੇ ਸੰਗਤ ਅਤੇ ਬਠਿੰਡਾ ਸਹਾਰਾ ਦੇ ਵਰਕਰਾਂ ਵਲੋਂ ਆਪਣੀਆਂ ਐਂਬੂਲੈਂਸ ਗੱਡੀਆਂ ਰਾਹੀਂ ਇਲਾਜ ਵਾਸਤੇ ਬਠਿੰਡਾ ਦੇ ਏਮਜ਼ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਇਸ ਘਟਨਾ ਦੀ ਇਤਲਾਹ ਮਿਲਦਿਆਂ ਹੀ ਥਾਣਾ ਸੰਗਤ ਦੇ ਮੁਖੀ ਇੰਸਪੈਕਟਰ ਜਗਦੀਪ ਸਿੰਘ ਵੀ ਸਮੇਤ ਪੁਲਿਸ ਪਾਰਟੀ ਮੌਕੇ ’ਤੇ ਪਹੁੰਚ ਗਏ। ਉਨ੍ਹਾਂ ਦੱਸਿਆ ਕਿ ਹਾਦਸੇ ਦੌਰਾਨ ਮਰਨ ਵਾਲਿਆਂ ਦੀ ਪਛਾਣ ਮਹਿੰਦਰ ਕੁਮਾਰ ਪੁੱਤਰ ਕਪੂਰਾ ਰਾਮ, ਮਨੀਸ਼ਾ ਪਤਨੀ ਮਹਿੰਦਰ ਕੁਮਾਰ, ਡਿੰਪਲ ਪਰੀਹਾਰ ਪਤਨੀ ਪੰਕਜ ਪਰੀਹਾਰ ਅਤੇ ਪੰਕਜ ਪਰੀਹਾਰ ਪੁੱਤਰ ਪੂਨਮ ਚੰਦ ਵਾਸੀ ਗਾਂਧੀ ਪੁਰਾ ਬਲੋਤਰਾ ਜ਼ਿਲ੍ਹਾ ਬਾੜਮੇਰ ਰਾਜਸਥਾਨ ’ਦੇ ਤੌਰ ’ਤੇ ਹੋਈ ਹੈ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਦੀ ਪਹਿਚਾਣ ਨੀਤੇਸ਼ ਪਰੀਹਾਰ, ਰੁਚੀਕਾ ਪਰੀਹਾਰ, ਦੀਪਕ, ਪਖਰਾਜ ਮਾਲੀ, ਨਰਾਇਨੀ ਦੇਵੀ, ਹੈਪੀ ਪਰੀਹਾਰ, ਜਤਿੰਦਰ ਚੌਧਰੀ, ਸੁਦੇਸਾ ਪੁੱਤਰ ਮਹਿੰਦਰ ਕੁਮਾਰ ਅਤੇ ਡਰਾਇਵਰ ਨਿਜ਼ਾਮ ਖਾਨ ਪੁੱਤਰ ਮੰਗੂ ਖਾਨ ਵਜੋਂ ਹੋਈ ਹੈ ਜਿਨ੍ਹਾਂ ਦਾ ਏਮਜ਼ ਬਠਿੰਡਾ ਵਿਖੇ ਇਲਾਜ ਕੀਤਾ ਜਾ ਰਿਹਾ ।