ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ’ਚ ਸਿਆਸੀ ਸਰਵੇਖਣਾਂ ਦਾ ਦੌਰ ਸ਼ੁਰੂ
ਨਿੱਜੀ ਕੰਪਨੀਆਂ ਵਲੋਂ ਹਲਕਿਆਂ ਬਾਰੇ ਇਕੱਠੀ ਕੀਤੀ ਜਾ ਰਹੀ ਜਾਣਕਾਰੀ
ਸ਼ਿਵ ਸ਼ਰਮਾ
ਜਲੰਧਰ, 30 ਅਗਸਤ-ਪੰਜਾਬ ਵਿਚ ਅਗਲੇ ਸਾਲ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਹੁਣ ਤੋਂ ਹੀ ਸ਼ੁਰੂ ਹੋ ਗਈਆਂ ਹਨ। ਵੱਖ-ਵੱਖ ਨਿੱਜੀ ਸਰਵੇਖਣ ਕੰਪਨੀਆਂ ਵਲੋਂ ਸੂਬੇ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿਚ ਲੋਕਾਂ ਦੀ ਸਿਆਸੀ ਨਬਜ਼ ਟਟੋਲਣ ਲਈ ਸਰਵੇਖਣ ਕਰਵਾਏ ਜਾ ਰਹੇ ਹਨ।
ਜਲੰਧਰ, 30 ਅਗਸਤ-ਪੰਜਾਬ ਵਿਚ ਅਗਲੇ ਸਾਲ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਹੁਣ ਤੋਂ ਹੀ ਸ਼ੁਰੂ ਹੋ ਗਈਆਂ ਹਨ। ਵੱਖ-ਵੱਖ ਨਿੱਜੀ ਸਰਵੇਖਣ ਕੰਪਨੀਆਂ ਵਲੋਂ ਸੂਬੇ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿਚ ਲੋਕਾਂ ਦੀ ਸਿਆਸੀ ਨਬਜ਼ ਟਟੋਲਣ ਲਈ ਸਰਵੇਖਣ ਕਰਵਾਏ ਜਾ ਰਹੇ ਹਨ। ਇਨ੍ਹਾਂ ਸਰਵੇਖਣਾਂ ਰਾਹੀਂ ਲੋਕਾਂ ਦੀ ਮੌਜੂਦਾ ਸਿਆਸੀ ਸੋਚ, ਹਲਕਿਆਂ ਦੀ ਸਥਿਤੀ, ਸਰਕਾਰ ਪ੍ਰਤੀ ਰੁਝਾਨ ਅਤੇ ਵੱਖ-ਵੱਖ ਸਿਆਸੀ ਆਗੂਆਂ ਦੀ ਹਰਮਨਪਿਆਰਤਾ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਸਰਵੇਖਣ ਕੰਪਨੀਆਂ ਵਲੋਂ ਆਮ ਲੋਕਾਂ, ਮੀਡੀਆ ਕਰਮੀਆਂ, ਸਮਾਜਿਕ ਤੌਰ ’ਤੇ ਸਰਗਰਮ ਵਿਅਕਤੀਆਂ ਅਤੇ ਵੱਖ-ਵੱਖ ਵਰਗਾਂ ਦੇ ਲੋਕਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਲੋਕਾਂ ਦੀਆਂ ਮੁੱਖ ਸਮੱਸਿਆਵਾਂ, ਸਰਕਾਰ ਪ੍ਰਤੀ ਰੁਝਾਨ, ਸਥਾਨਕ ਆਗੂਆਂ ਦੀ ਪਕੜ ਅਤੇ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਸੰਭਾਵੀ ਮਾਹੌਲ ਬਾਰੇ ਸਵਾਲ ਪੁੱਛੇ ਜਾ ਰਹੇ ਹਨ। ਇਨ੍ਹਾਂ ਸਰਵੇਖਣਾਂ ਵਿਚ ਸਿਰਫ਼ ਆਮ ਸਿਆਸੀ ਮਾਹੌਲ ਦੀ ਜਾਣਕਾਰੀ ਹੀ ਨਹੀਂ ਲਈ ਜਾ ਰਹੀ, ਸਗੋਂ ਵੱਖ - ਵੱਖ ਪਾਰਟੀਆਂ ਦੇ ਮੌਜੂਦਾ ਵਿਧਾਇਕਾਂ, ਮੰਤਰੀਆਂ ਅਤੇ ਹੋਰ ਪ੍ਰਮੁੱਖ ਆਗੂਆਂ ਦੀ ਕਾਰਗੁਜ਼ਾਰੀ ਬਾਰੇ ਵੀ ਫੀਡ ਬੈਕ ਇਕੱਠਾ ਕੀਤਾ ਜਾ ਰਿਹਾ ਹੈ। ਸੂਤਰਾਂ ਮੁਤਾਬਿਕ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸ ਆਗੂ ਦੀ ਆਪਣੇ ਹਲਕੇ ਵਿਚ ਪਕੜ ਮਜ਼ਬੂਤ ਹੈ ਅਤੇ ਕਿਹੜੇ ਆਗੂ ਪ੍ਰਤੀ ਲੋਕਾਂ ਵਿਚ ਨਾਰਾਜ਼ਗੀ ਜਾਂ ਅਸੰਤੁਸ਼ਟੀ ਪਾਈ ਜਾ ਰਹੀ ਹੈ। ਇਸ ਤੋਂ ਇਲਾਵਾ ਸੰਭਾਵੀ ਉਮੀਦਵਾਰਾਂ ਦੀ ਲੋਕਾਂ ਵਿਚ ਸਵੀਕਾਰਤਾ, ਉਨ੍ਹਾਂ ਦਾ ਨਿੱਜੀ ਪ੍ਰਭਾਵ, ਜਥੇਬੰਦਕ ਪਕੜ ਅਤੇ ਚੋਣ ਜਿੱਤਣ ਦੀ ਸਮਰੱਥਾ ਬਾਰੇ ਵੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿਚ ਅਜਿਹੇ ਸਰਵੇਖਣਾਂ ਦੀਆਂ ਰਿਪੋਰਟਾਂ ਉਮੀਦਵਾਰਾਂ ਦੀ ਚੋਣ ਅਤੇ ਪਾਰਟੀਆਂ ਦੀ ਰਣਨੀਤੀ ਤੈਅ ਕਰਨ ਵਿਚ ਅਹਿਮ ਭੂਮਿਕਾ ਨਿਭਾਅ ਸਕਦੀਆਂ ਹਨ। ਹਾਲਾਂਕਿ, ਇਸ ਸਮੇਂ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਪੰਜਾਬ ਵਿਚ ਕਿਹੜੀਆਂ-ਕਿਹੜੀਆਂ ਸਿਆਸੀ ਪਾਰਟੀਆਂ ਨੇ ਆਪਣੇ ਪੱਧਰ ’ਤੇ ਅਜਿਹੇ ਸਰਵੇਖਣ ਕਰਵਾਉਣੇ ਸ਼ੁਰੂ ਕੀਤੇ ਹਨ ਪਰ ਜਿਸ ਤਰ੍ਹਾਂ ਵੱਖ-ਵੱਖ ਨਿੱਜੀ ਕੰਪਨੀਆਂ ਵਲੋਂ ਹਲਕਾ ਪੱਧਰ ’ਤੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ, ਉਸ ਤੋਂ ਸਾਫ਼ ਹੈ ਕਿ ਚੋਣਾਂਵੀ ਤਿਆਰੀਆਂ ਨੂੰ ਲੈ ਕੇ ਸਰਗਰਮੀਆਂ ਸਮੇਂ ਤੋਂ ਪਹਿਲਾਂ ਹੀ ਸ਼ੁਰੂ ਹੋ ਗਈਆਂ ਹਨ। ਇਨ੍ਹਾਂ ਕੰਪਨੀਆਂ ਵਲੋਂ ਹਲਕਾ ਵਾਰ ਡਾਟਾ ਤਿਆਰ ਕਰਕੇ ਪਾਰਟੀਆਂ ਨੂੰ ਇਹ ਸਮਝਣ ਵਿਚ ਮਦਦ ਕੀਤੀ ਜਾਂਦੀ ਹੈ ਕਿ ਕਿਹੜੇ ਇਲਾਕੇ ਵਿਚ ਪਾਰਟੀ ਦੀ ਸਥਿਤੀ ਮਜ਼ਬੂਤ ਹੈ ਅਤੇ ਕਿਥੇ ਹੋਰ ਮਿਹਨਤ ਕਰਨ ਦੀ ਲੋੜ ਹੈ।ਕਈ ਵਾਰ ਇਨ੍ਹਾਂ ਸਰਵੇਖਣਾਂ ਦੇ ਆਧਾਰ ’ਤੇ ਸੰਭਾਵੀ ਉਮੀਦਵਾਰਾਂ ਦੀ ਸੂਚੀ ਵੀ ਤਿਆਰ ਕੀਤੀ ਜਾਂਦੀ ਹੈ। ਬਾਅਦ ਵਿਚ ਪਾਰਟੀ ਦੀ ਅੰਦਰੂਨੀ ਰਣਨੀਤੀ, ਜਥੇਬੰਦਕ ਰਿਪੋਰਟਾਂ ਅਤੇ ਹੋਰ ਸਿਆਸੀ ਸਮੀਕਰਨਾਂ ਦੇ ਨਾਲ ਇਨ੍ਹਾਂ ਰਿਪੋਰਟਾਂ ਨੂੰ ਜੋੜ ਕੇ ਟਿਕਟਾਂ ਸਬੰਧੀ ਫ਼ੈਸਲੇ ਲਏ ਜਾਂਦੇ ਹਨ।ਅਗਲੇ ਸਾਲ ਦੇਸ਼ ਦੇ ਪੰਜ ਰਾਜਾਂ ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ ਅਤੇ ਮਨੀਪੁਰ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਸ ਦੇ ਮੱਦੇਨਜ਼ਰ ਚੋਣੀ ਸਰਵੇਖਣ ਅਤੇ ਸਿਆਸੀ ਡਾਟਾ ਇਕੱਠਾ ਕਰਨ ਵਾਲੀਆਂ ਕਈ ਨਿੱਜੀ ਕੰਪਨੀਆਂ ਵੀ ਸਰਗਰਮ ਹੋ ਗਈਆਂ ਹਨ। ਹਾਲਾਂਕਿ, ਅਜੇ ਚੋਣਾਂ ਵਿਚ ਸਮਾਂ ਬਾਕੀ ਹੈ ਪਰ ਸਿਆਸੀ ਪਾਰਟੀਆਂ ਲਈ ਇਹ ਦੌਰ ਬੇਹੱਦ ਅਹਿਮ ਮੰਨਿਆ ਜਾਂਦਾ ਹੈ। ਸ਼ੁਰੂਆਤੀ ਸਰਵੇਖਣਾਂ ਰਾਹੀਂ ਮਿਲਣ ਵਾਲੀ ਜਾਣਕਾਰੀ ਦੇ ਆਧਾਰ ’ਤੇ ਪਾਰਟੀਆਂ ਆਉਣ ਵਾਲੇ ਮਹੀਨਿਆਂ ਵਿਚ ਆਪਣੀ ਰਣਨੀਤੀ ਤਿਆਰ ਕਰ ਸਕਦੀਆਂ ਹਨ। ਆਉਣ ਵਾਲੇ ਮਹੀਨਿਆਂ ਵਿਚ ਇਹ ਸਰਵੇਖਣ ਅਤੇ ਇਨ੍ਹਾਂ ਤੋਂ ਮਿਲਣ ਵਾਲਾ ਫੀਡ ਬੈਕ ਪੰਜਾਬ ਦੀ ਚੋਣੀ ਸਿਆਸਤ ਦੀ ਦਿਸ਼ਾ ਤੈਅ ਕਰਨ ਵਿਚ ਅਹਿਮ ਹੋ ਸਕਦਾ ਹੈ।