ਕੇਂਦਰੀ ਜੇਲ੍ਹ ’ਚ ਬੰਦ ਹਵਾਲਾਤੀ ਦੀ ਮੌਤ ਹੋਣ ਉਪਰੰਤ ਜੇਲ੍ਹ ’ਚ ਹੰਗਾਮਾ
ਹਵਾਲਾਤੀਆਂ ਨੇ ਕੀਤੀ ਭੁੱਖ ਹੜਤਾਲ, ਵੀਡੀਓ ਵਾਇਰਲ ਕਰਕੇ ਦੱਸੇ ਜੇਲ੍ਹ ਦੇ ਹਾਲਾਤ
ਅੰਮ੍ਰਿਤਸਰ, 15 ਸਤੰਬਰ (ਰੇਸ਼ਮ ਸਿੰਘ)-ਅੰਮ੍ਰਿਤਸਰ ਕੇਂਦਰੀ ਜੇਲ੍ਹ ਫਤਾਹਪੁਰ ਵਿਖੇ ਬੀਤੀ ਰਾਤ ਇਕ ਕੈਦੀ ਦੀ ਮੌਤ ਹੋਣ ਉਪਰੰਤ ਉਸ ਵੇਲੇ ਹੰਗਾਮਾ ਖੜਾ ਹੋ ਗਿਆ ਜਦੋਂ ਕਿ ਬਾਕੀ ਕੈਦੀਆਂ ਤੇ ਹਵਾਲਾਤੀਆਂ ਨੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਤੇ ਜੇਲ੍ਹ ’ਚ ਵੀਡੀਓ ਵਾਇਰਲ ਕਰਕੇ ਜੇਲ੍ਹ ਦੀਆਂ ਮੈਡੀਕਲ ਸੇਵਾਵਾਂ ’ਤੇ ਵੀ ਸਵਾਲ ਚੁੱਕੇ । ਇਸ ਮੌਕੇ ਇਕੱਤਰ ਹੋਏ ਨੌਜਵਾਨਾਂ ਨੇ ਜੇਲ੍ਹ ਪ੍ਰਸਾਸ਼ਨ ਖਿਲਾਫ਼ ਜੰਮ੍ਹ ਕੇ ਨਾਅਰੇਬਾਜ਼ੀ ਵੀ ਕੀਤੀ ।
ਮ
ਮ੍ਰਿਤਕ ਨੌਜਵਾਨ ਦੀ ਪੁਰਾਣੀ ਤਸਵੀਰ।
16-09-2026
ਅੰਮ੍ਰਿਤਸਰ, 15 ਸਤੰਬਰ (ਰੇਸ਼ਮ ਸਿੰਘ)-ਅੰਮ੍ਰਿਤਸਰ ਕੇਂਦਰੀ ਜੇਲ੍ਹ ਫਤਾਹਪੁਰ ਵਿਖੇ ਬੀਤੀ ਰਾਤ ਇਕ ਕੈਦੀ ਦੀ ਮੌਤ ਹੋਣ ਉਪਰੰਤ ਉਸ ਵੇਲੇ ਹੰਗਾਮਾ ਖੜਾ ਹੋ ਗਿਆ ਜਦੋਂ ਕਿ ਬਾਕੀ ਕੈਦੀਆਂ ਤੇ ਹਵਾਲਾਤੀਆਂ ਨੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਤੇ ਜੇਲ੍ਹ ’ਚ ਵੀਡੀਓ ਵਾਇਰਲ ਕਰਕੇ ਜੇਲ੍ਹ ਦੀਆਂ ਮੈਡੀਕਲ ਸੇਵਾਵਾਂ ’ਤੇ ਵੀ ਸਵਾਲ ਚੁੱਕੇ । ਇਸ ਮੌਕੇ ਇਕੱਤਰ ਹੋਏ ਨੌਜਵਾਨਾਂ ਨੇ ਜੇਲ੍ਹ ਪ੍ਰਸਾਸ਼ਨ ਖਿਲਾਫ਼ ਜੰਮ੍ਹ ਕੇ ਨਾਅਰੇਬਾਜ਼ੀ ਵੀ ਕੀਤੀ । ਦੂਜੇ ਪਾਸੇ ਪੁਲਿਸ ਨੇ ਮੌਕਾ ਸੰਭਾਲਦਿਆਂ ਤੇ ਜਿਥੇ ਵੱਡੀ ਗਿਣਤੀ ’ਚ ਜੇਲ੍ਹ ਦੇ ਅੰਦਰ ਤੇ ਬਾਹਰ ਪੁਲਿਸ ਜਵਾਨ ਤਾਇਨਾਤ ਕਰ ਦਿੱਤੇ ਗਏ ਉੱਥੇ ਹਵਾਲਾਤੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਮੰਗਾਂ ’ਤੇ ਗੰਭੀਰਤਾ ਨਾਲ ਵਿਚਾਰ ਕੀਤੇ ਜਾਣ ਦਾ ਭਰੋਸਾ ਵੀ ਦਿੱਤਾ ਗਿਆ । ਇਸ ਦੇ ਨਾਲ ਹੜਤਾਲ ਖਤਮ ਹੋ ਗਈ ਤੇ ਜੇਲ੍ਹ ਪ੍ਰਸ਼ਾਸਨ ਨੇ ਵੀ ਸੁੱਖ ਦਾ ਸਾਹ ਲਿਆ। ਜੇਲ੍ਹ ਅੰਦਰੋਂ ਵਾਇਰਲ ਹੋਈ ਵੀਡੀਓ ’ਚ ਇਕਠੇ ਹੋਏ ਨੌਜਵਾਨਾਂ ਨੇ ਜੇਲ੍ਹ ਪ੍ਰਸ਼ਾਸਨ ਖਿਲਾਫ਼ ਬੀਤੀ ਅੱਧੀ ਰਾਤ ਹੰਗਾਮਾ ਕਰਦਿਆਂ ਜੇਲ੍ਹ ਸੁਪਰਡੈਂਟ ਖਿਲਾਫ਼ ਜੰਮ੍ਹ ਕੇ ਨਾਅਰੇਬਾਜ਼ੀ ਕੀਤੀ । ਜਾਰੀ ਵੀਡੀਓ ’ਚ ਦੱਸਿਆ ਕਿ ਜੇਲ੍ਹ ’ਚ ਸਿਹਤ ਸੇਵਾਵਾਂ ਦਾ ਕੋਈ ਹਾਲ ਨਹੀਂ ਹੈ, ਜਿਸ ਕਾਰਨ ਹਵਾਲਾਤੀ ਦੀ ਤੜਫ ਤੜਫ ਕੇ ਮੌਤ ਹੋ ਗਈ । ਮਿਲੇ ਵੇਰਵਿਆਂ ਅਨੁਸਾਰ ਹਵਾਲਾਤੀ ਸੁਨੀਤਪਾਲ ਸਿੰਘ (40) ਵਾਸੀ ਮੁਸਤਫਾਬਾਦ ਦੇ ਭਰਾ ਦੀ ਮੌਤ ਹੋ ਜਾਣ ਕਾਰਨ ਉਹ ਪੁਲਿਸ ਸੁਰੱਖਿਆ ਤਹਿਤ ਆਪਣੇ ਭਰਾ ਦਾ ਸੰਸਕਾਰ ਕਰਨ ਲਈ ਗਿਆ ਸੀ ਤੇ ਉਸ ਦੇ ਜੇਲ੍ਹ ’ਚ ਵਾਪਸ ਆਉਣ ’ਤੇ ਰਾਤ ਸੁਨੀਤਪਾਲ ਨੂੰ ਦਿਲ ਦਾ ਦੌਰਾ ਪੈ ਗਿਆ ਤੇ ਉਸਦੀ ਵੀ ਮੌਤ ਹੋ ਗਈ । ਹਵਾਲਾਤੀਆਂ ਨੇ ਦੋਸ਼ ਲਾਇਆ ਕਿ ਉਸਦੀ ਮੌਤ ਲਈ ਜੇਲ੍ਹ ਪ੍ਰਸ਼ਾਸਨ ਜਿੰਮੇਵਾਰ ਹੈ ਜਿਸ ਨੂੰ ਸਮੇਂ ਸਿਰ ਮੈਡੀਕਲ ਸਹੂਲਤਾਂ ਪ੍ਰਦਾਨ ਨਹੀਂ ਕੀਤੀਆਂ ਗਈਆਂ । ਦੂਜੇ ਪਾਸੇ ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਕਿਹਾ ਕਿ ਜੇਲ੍ਹ ’ਚ ਸਥਿਤੀ ਕੰਟਰੋਲ ਹੇਠ ਹੈ । ਜੇਲ੍ਹ ’ਚ ਬੰਦੀਆਂ ਦੀਆਂ ਮੰਗਾਂ ’ਚ ਐਂਬੂਲੈਸ ਦਾ ਪ੍ਰਬੰਧ ਹੋਣਾ ਤੇ ਮੈਡੀਕਲ ਸੇਵਾਵਾਂ ਲਈ ਸਿਹਤ ਸਟਾਫ ਆਦਿ ਨਾਲ ਸੰਬੰਧਿਤ ਸਨ ਜਿਨ੍ਹਾਂ ਸੰਬੰਧੀ ਜੇਲ੍ਹ ਪ੍ਰਸ਼ਾਸਨ ਨੂੰ ਸੂਚਿਤ ਕਰ ਦਿੱਤਾ ਗਿਆ ਹੈ।