ਮੋਗਾ, 29 ਜੂਨ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ, ਜਸਪਾਲ ਸਿੰਘ ਬੱਬੀ)-ਪੰਜਾਬ ਦੇ ਉਦਯੋਗਿਕ ਨਕਸ਼ੇ ‘ਤੇ ਆਪਣੀ ਵਿਲੱਖਣ ਪਛਾਣ ਬਣਾਉਣ ਵਾਲੀ ਮੋਗਾ ਸਥਿਤ ਨੈਸਲੇ ਫ਼ੈਕਟਰੀ ਅੱਜ ਵਿਸ਼ਵ ਪੱਧਰ ‘ਤੇ ਗੁਣਵੱਤਾ, ਸੁਰੱਖਿਆ, ਸਵੱਛਤਾ ਅਤੇ ਆਧੁਨਿਕ ਤਕਨਾਲੋਜੀ ਦੀ ਮਿਸਾਲ ਬਣ ਚੁੱਕੀ ਹੈ। ਦੁਨੀਆ ਦੀਆਂ ਅਗੇਤਰੀ ਖ਼ੁਰਾਕ ਅਤੇ ਪੀਣ ਵਾਲੇ ਪਦਾਰਥ ਤਿਆਰ ਕਰਨ ਵਾਲੀਆਂ ਕੰਪਨੀਆਂ ਵਿਚ ਸ਼ੁਮਾਰ ਨੈਸਲੇ ਭਾਰਤ ਨੇ ਮੋਗਾ ਨਾਲ ਆਪਣੇ ਦਹਾਕਿਆਂ ਪੁਰਾਣੇ ਰਿਸ਼ਤੇ ਨੂੰ ਹੋਰ ਮਜ਼ਬੂਤ ਕਰਦਿਆਂ ਨਾ ਸਿਰਫ਼ ਉੱਚ ਗੁਣਵੱਤਾ ਵਾਲੇ ਉਤਪਾਦ ਤਿਆਰ ਕੀਤੇ ਹਨ, ਸਗੋਂ ਇਲਾਕੇ ਦੇ ਹਜ਼ਾਰਾਂ ਦੁੱਧ ਉਤਪਾਦਕ ਕਿਸਾਨਾਂ ਅਤੇ ਨੌਜਵਾਨਾਂ ਦੀ ਆਰਥਿਕ ਤਰੱਕੀ ਵਿਚ ਵੀ ਅਹਿਮ ਯੋਗਦਾਨ ਪਾਇਆ ਹੈ। ਮੋਗਾ ਵਿਖੇ ਨੈਸਲੇ ਭਾਰਤ ਦੇ ਸੀਨੀਅਰ ਅਧਿਕਾਰੀ ਕੁੰਵਰ ਹਿਮਤ ਸਿੰਘ ਮੁਖੀ ਕਾਰਪੋਰੇਟ ਅਫੇਅਰਜ਼, ਮੋਗਾ ਫ਼ੈਕਟਰੀ ਮੈਨੇਜਰ ਕਮਲ ਮਾਥੁਰ ਤੇ ਫ਼ੈਕਟਰੀ ਦੇ ਉੱਚ ਅਧਿਕਾਰੀਆਂ ਨੇ ਇਲੈਕਟ੍ਰਾਨਿਕ ਅਤੇ ਪ੍ਰਿੰਟ ਮੀਡੀਆ ਦੇ ਨੁਮਾਇੰਦਿਆਂ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕੰਪਨੀ ਦੀ ਕਾਰਜ ਪ੍ਰਣਾਲੀ, ਗੁਣਵੱਤਾ ਮਿਆਰਾਂ, ਸੁਰੱਖਿਆ ਪ੍ਰਬੰਧਾਂ, ਸਮਾਜਿਕ ਪਹਿਲ ਕਦਮੀਆਂ ਅਤੇ ਕਿਸਾਨਾਂ ਨਾਲ ਸਾਂਝ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਨੈਸਲੇ ਭਾਰਤ ਦੀ ਸਭ ਤੋਂ ਵੱਡੀ ਤਾਕਤ ਉੱਚ ਗੁਣਵੱਤਾ ਅਤੇ ਖਪਤਕਾਰਾਂ ਦਾ ਭਰੋਸਾ ਹੈ। ਕੰਪਨੀ ਹਰ ਉਤਪਾਦ ਨੂੰ ਅੰਤਰ-ਰਾਸ਼ਟਰੀ ਮਿਆਰਾਂ ਅਨੁਸਾਰ ਤਿਆਰ ਕਰਦੀ ਹੈ, ਜਿੱਥੇ ਉਤਪਾਦ ਦੀ ਸੁਰੱਖਿਆ, ਪੌਸ਼ਟਿਕਤਾ, ਸਵੱਛਤਾ ਅਤੇ ਗੁਣਵੱਤਾ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾਂਦਾ। ਕੰਪਨੀ ਦੀ ਗੁਣਵੱਤਾ ਨੀਤੀ ਚਾਰ ਮੁੱਖ ਸਿਧਾਂਤਾਂ ‘ਤੇ ਆਧਾਰਿਤ ਹੈ, ਉਤਪਾਦ ਸੁਰੱਖਿਆ, ਉੱਚ ਗੁਣਵੱਤਾ, ਬਿਨਾਂ ਖ਼ਾਮੀਆਂ ਦੇ ਉਤਪਾਦਨ ਅਤੇ ਹਰ ਕਰਮਚਾਰੀ ਦੀ ਸਾਂਝੀ ਜ਼ਿੰਮੇਵਾਰੀ। ਮੀਡੀਆ ਟੀਮ ਨੂੰ ਫ਼ੈਕਟਰੀ ਦਾ ਵਿਸਥਾਰ ਪੂਰਵਕ ਦੌਰਾ ਵੀ ਕਰਵਾਇਆ ਗਿਆ, ਜਿੱਥੇ ਕੱਚੇ ਦੁੱਧ ਦੇ ਫ਼ੈਕਟਰੀ ਵਿਚ ਪਹੁੰਚਣ ਤੋਂ ਲੈ ਕੇ ਉਸ ਦੀ ਵਿਗਿਆਨਕ ਜਾਂਚ, ਆਧੁਨਿਕ ਮਸ਼ੀਨਰੀ ਰਾਹੀਂ ਪ੍ਰੋਸੈਸਿੰਗ, ਪੈਕਿੰਗ ਅਤੇ ਫਿਰ ਬਾਜ਼ਾਰ ਤੱਕ ਭੇਜਣ ਦੀ ਪੂਰੀ ਪ੍ਰਕਿਰਿਆ ਵਿਖਾਈ ਗਈ। ਹਰ ਪੜਾਅ ‘ਤੇ ਆਧੁਨਿਕ ਪ੍ਰਯੋਗਸ਼ਾਲਾਵਾਂ ਰਾਹੀਂ ਗੁਣਵੱਤਾ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਸਾਰੇ ਮਿਆਰ ਪੂਰੇ ਹੋਣ ਤੋਂ ਬਾਅਦ ਹੀ ਉਤਪਾਦ ਤਿਆਰ ਕੀਤੇ ਜਾਂਦੇ ਹਨ। ਨੈਸਲੇ ਭਾਰਤ ਦੇ ਕਾਰਪੋਰੇਟ ਅਫੇਅਰਜ਼, ਸਸਟੇਨੇਬਿਲਟੀ ਅਤੇ ਸੀ.ਐਸ.ਆਰ. ਮੁਖੀ ਕੁੰਵਰ ਹਿਮਤ ਸਿੰਘ ਨੇ ਕਿਹਾ ਕਿ ਨੈਸਲੇ ਭਾਰਤ ਦੀ ਦੇਸ਼ ਪ੍ਰਤੀ ਵਚਨਬੱਧਤਾ ਬਹੁਤ ਮਜ਼ਬੂਤ ਹੈ। ਕੰਪਨੀ ਭਾਰਤ ਨੂੰ ਸਿਰਫ਼ ਇਕ ਬਾਜ਼ਾਰ ਨਹੀਂ, ਸਗੋਂ ਲੰਬੇ ਸਮੇਂ ਦੀ ਭਾਈਵਾਲੀ ਵਜੋਂ ਵੇਖਦੀ ਹੈ ਅਤੇ ਲੋਕਾਂ, ਕਿਸਾਨਾਂ, ਸਮੁਦਾਇਆਂ ਅਤੇ ਕੁਦਰਤੀ ਸਰੋਤਾਂ ਦੇ ਵਿਕਾਸ ਲਈ ਲਗਾਤਾਰ ਨਿਵੇਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਗੁਣਵੱਤਾ ਅਤੇ ਸੁਰੱਖਿਆ ਹੀ ਨੈਸਲੇ ਦੀ ਸਭ ਤੋਂ ਵੱਡੀ ਪਛਾਣ ਹੈ ਅਤੇ ਇਹੀ ਮੁੱਲ ਕੰਪਨੀ ਨੂੰ ਵਿਸ਼ਵ ਦੀਆਂ ਮੋਹਰੀ ਖ਼ੁਰਾਕ ਕੰਪਨੀਆਂ ਵਿਚ ਸ਼ਾਮਿਲ ਕਰਦੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਮੋਗਾ ਫ਼ੈਕਟਰੀ ਨਾਲ ਹਜ਼ਾਰਾਂ ਦੁੱਧ ਉਤਪਾਦਕ ਕਿਸਾਨ ਜੁੜੇ ਹੋਏ ਹਨ। ਕੰਪਨੀ ਹਰ ਰੋਜ਼ ਵੱਡੀ ਮਾਤਰਾ ਵਿਚ ਦੁੱਧ ਇਕੱਠਾ ਕਰਦੀ ਹੈ ਅਤੇ ਕਿਸਾਨਾਂ ਨੂੰ ਉੱਚ ਗੁਣਵੱਤਾ ਵਾਲਾ ਦੁੱਧ ਪੈਦਾ ਕਰਨ ਲਈ ਤਕਨੀਕੀ ਮਾਰਗ-ਦਰਸ਼ਨ, ਜਾਗਰੂਕਤਾ ਅਤੇ ਲੋੜੀਂਦੀ ਸਹਾਇਤਾ ਪ੍ਰਦਾਨ ਕਰਦੀ ਹੈ। ਇਸ ਦੇ ਨਾਲ ਹੀ ਕਿਸਾਨਾਂ ਨੂੰ ਸਮੇਂ ਸਿਰ ਭੁਗਤਾਨ ਯਕੀਨੀ ਬਣਾਇਆ ਜਾਂਦਾ ਹੈ, ਜਿਸ ਨਾਲ ਉਨ੍ਹਾਂ ਦੀ ਆਰਥਿਕ ਹਾਲਤ ਮਜ਼ਬੂਤ ਹੋ ਰਹੀ ਹੈ। ਨੈਸਲੇ ਦੇ ਪ੍ਰਸਿੱਧ ਉਤਪਾਦ ਮਿਲਕਮੇਡ ਦਾ ਵੀ ਵਿਸ਼ੇਸ਼ ਜ਼ਿਕਰ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਵਿੱਤੀ ਸਾਲ ਦੌਰਾਨ ਇਸ ਬਰਾਂਡ ਦੇ 3.4 ਕਰੋੜ ਤੋਂ ਵੱਧ ਟਿਨ ਵਿਕੇ, ਜੋ ਖਪਤਕਾਰਾਂ ਦੇ ਭਰੋਸੇ ਅਤੇ ਪਸੰਦ ਦਾ ਪ੍ਰਮਾਣ ਹਨ। ਇਹ ਉਤਪਾਦ ਮੋਗਾ ਦੀ ਲਗ-ਪਗ 64 ਏਕੜ ਵਿਚ ਫੈਲੀ ਆਧੁਨਿਕ ਫ਼ੈਕਟਰੀ ਵਿਚ ਉੱਚ ਗੁਣਵੱਤਾ ਵਾਲੇ ਕੱਚੇ ਮਾਲ ਅਤੇ ਸਖ਼ਤ ਸੁਰੱਖਿਆ ਮਿਆਰਾਂ ਦੇ ਅਧੀਨ ਤਿਆਰ ਕੀਤਾ ਜਾਂਦਾ ਹੈ। ਨੈਸਲੇ ਭਾਰਤ ਸਮਾਜਿਕ ਜ਼ਿੰਮੇਵਾਰੀ ਦੇ ਖੇਤਰ ਵਿਚ ਵੀ ਅਹਿਮ ਭੂਮਿਕਾ ਨਿਭਾ ਰਹੀ ਹੈ। ਕੰਪਨੀ ਵਲੋਂ ਨੈਸਲੇ ਹੈਲਦੀ ਕਿਡਜ਼ ਪ੍ਰੋਗਰਾਮ ਰਾਹੀਂ ਲਗ-ਪਗ 32 ਹਜ਼ਾਰ ਤੋਂ ਵੱਧ ਬੱਚਿਆਂ ਅਤੇ 1460 ਮਾਪਿਆਂ ਨੂੰ ਸਿਹਤ ਅਤੇ ਪੋਸ਼ਣ ਬਾਰੇ ਜਾਗਰੂਕ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੰਜਾਬ ਦੇ 110 ਸਕੂਲਾਂ ਵਿਚ ਸਾਫ਼ ਪੀਣ ਵਾਲੇ ਪਾਣੀ ਦੀਆਂ ਸਹੂਲਤਾਂ, 122 ਸਕੂਲਾਂ ਵਿਚ ਸੈਨੀਟੇਸ਼ਨ ਪ੍ਰੋਗਰਾਮ, 10 ਜ਼ਿਲ੍ਹਿਆਂ ਵਿਚ 7000 ਤੋਂ ਵੱਧ ਸਟਰੀਟ ਫੂਡ ਵਿਕਰੇਤਿਆਂ ਨੂੰ ਖਾਦ ਸੁਰੱਖਿਆ ਦੀ ਸਿਖਲਾਈ ਅਤੇ ਆਫ਼ਤ ਪ੍ਰਬੰਧਨ ਤਹਿਤ 21 ਹਜ਼ਾਰ ਤੋਂ ਵੱਧ ਡਰਾਈ ਰਾਸ਼ਨ ਕਿੱਟਾਂ ਵੀ ਵੰਡੀਆਂ ਗਈਆਂ ਹਨ। ਮੀਡੀਆ ਨਾਲ ਗੱਲਬਾਤ ਦੌਰਾਨ ਅਧਿਕਾਰੀਆਂ ਨੇ ਕਿਹਾ ਕਿ ਨੈਸਲੇ ਪਾਰਦਰਸ਼ਤਾ ਵਿਚ ਵਿਸ਼ਵਾਸ ਰੱਖਦੀ ਹੈ। ਗੁਣਵੱਤਾ, ਸੁਰੱਖਿਆ, ਸਵੱਛਤਾ, ਆਧੁਨਿਕ ਤਕਨਾਲੋਜੀ, ਕਿਸਾਨਾਂ ਨਾਲ ਮਜ਼ਬੂਤ ਸਾਂਝ, ਸਮਾਜਿਕ ਜ਼ਿੰਮੇਵਾਰੀ ਤੇ ਖਪਤਕਾਰਾਂ ਦੇ ਅਟੁੱਟ ਭਰੋਸੇ ਦੇ ਸਦਕਾ ਮੋਗਾ ਦੀ ਨੈਸਲੇ ਫ਼ੈਕਟਰੀ ਅੱਜ ਨਾ ਸਿਰਫ਼ ਪੰਜਾਬ ਬਲਕਿ ਅੰਤਰ-ਰਾਸ਼ਟਰੀ ਖ਼ੁਰਾਕ ਉਦਯੋਗ ਦੀਆਂ ਸਭ ਤੋਂ ਮਹੱਤਵਪੂਰਨ ਇਕਾਈਆਂ ਵਿਚ ਆਪਣਾ ਵਿਲੱਖਣ ਸਥਾਨ ਬਣਾ ਚੁੱਕੀ ਹੈ ਤੇ ਵਿਸ਼ਵ ਪੱਧਰ ‘ਤੇ ਮੋਗਾ ਦਾ ਨਾਂਅ ਰੌਸ਼ਨ ਕਰ ਰਹੀ ਹੈ।