ਮੋਗਾ/ਸਮਾਲਸਰ, 29 ਜੂਨ (ਸੁਰਿੰਦਰਪਾਲ ਸਿੰਘ, ਗੁਰਜੰਟ ਕਲਸੀ)-ਪਿੰਡ ਭਲੂਰ ਵਿਖੇ ਮੁੱਖ ਮੰਤਰੀ ਵਲੋਂ ਕੀਤੇ ਜਾ ਰਹੇ ਲੋਕ ਮਿਲਣੀ ਪ੍ਰੋਗਰਾਮ ਵਿਚ ਟੇਲਾਂ ਤੱਕ ਪਾਣੀ ਨਾ ਪਹੁੰਚਣ ਸਬੰਧੀ ਮੁੱਖ ਮੰਤਰੀ ਨੂੰ ਸਵਾਲ ਪੁੱਛਣ ਜਾ ਰਹੇ ਅਕਾਲੀ ਦਲ ਜ਼ਿਲ੍ਹਾ ਯੂਥ ਪ੍ਰਧਾਨ ਹਰਜੋਤ ਸਿੰਘ ਡੇਮਰੂ ਨੂੰ ਦਰਜਨਾਂ ਸਾਥੀਆਂ ਸਮੇਤ ਮੋਗਾ ਪੁਲਿਸ ਨੇ ਕੀਤਾ ਡਿਟੇਨ ਕਰ ਲਿਆ। ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਜਥੇਦਾਰ ਤੀਰਥ ਸਿੰਘ ਮਾਹਲਾ ਦੀ ਅਗਵਾਈ ਹੇਠ ਸਮਾਲਸਰ ਥਾਣੇ ਅਕਾਲੀ ਦਲ ਦੇ ਵਰਕਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਧਰਨਾ ਦਿੱਤਾ। ਇਸ ਤੋਂ ਇਲਾਵਾ ਮੀਟਰ ਰੀਡਰਾਂ ਅਤੇ ਕਿਸਾਨ ਆਗੂਆਂ ਨੇ ਵੀ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਜਥੇਦਾਰ ਤੀਰਥ ਸਿੰਘ ਮਾਹਲਾ ਨੇ ਕਿਹਾ ਕਿ ਜੋ ਮੁੱਖ ਮੰਤਰੀ ਸੱਤਾ ਵਿਚ ਆਉਣ ਤੋਂ ਪਹਿਲਾਂ ਲੋਕਾਂ ਨੂੰ ਕਹਿੰਦਾ ਸੀ ਕਿ ਜਦੋਂ ਕੋਈ ਵੀ ਲੀਡਰ ਤੁਹਾਡੇ ਪਿੰਡ ਜਾਂ ਗਲੀ ਮੁਹੱਲੇ ਵਿਚ ਆਉਂਦਾ ਹੈ ਤਾਂ ਉਸ ਤੋਂ ਸਵਾਲ ਪੁੱਛਿਆ ਕਰੋ। ਅੱਜ ਉਹ ਖ਼ੁਦ ਮੁੱਖ ਮੰਤਰੀ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਕਿਉਂ ਭੱਜ ਰਿਹਾ। ਮੋਗਾ ਦੇ ਹਲਕਾ ਬਾਘਾ ਪੁਰਾਣਾ ਦੇ ਪਿੰਡ ਭਲੂਰ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਲੋਕ ਮਿਲਣੀ ਪ੍ਰੋਗਰਾਮ ਤੋਂ ਪਹਿਲਾਂ ਸਿਆਸੀ ਮਾਹੌਲ ਗਰਮਾ ਗਿਆ। ਸ਼੍ਰੋਮਣੀ ਅਕਾਲੀ ਦਲ ਨੇ ਦਾਅਵਾ ਕੀਤਾ ਕਿ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਹਰਜੋਤ ਸਿੰਘ ਡੇਮਰੂ ਨੂੰ ਉਨ੍ਹਾਂ ਦੇ ਦਰਜਨਾਂ ਸਾਥੀਆਂ ਸਮੇਤ ਥਾਣਾ ਸਮਾਲਸਰ ਦੀ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ। ਅਕਾਲੀ ਆਗੂਆਂ ਦਾ ਕਹਿਣਾ ਹੈ ਕਿ ਉਹ ਭਲੂਰ ਮਾਈਨਰ ਅਤੇ ਟੇਲਾਂ ‘ਤੇ ਨਹਿਰੀ ਪਾਣੀ ਨਾ ਪਹੁੰਚਣ ਕਾਰਨ ਮੁੱਖ ਮੰਤਰੀ ਨੂੰ ਸਵਾਲ ਪੁੱਛਣ ਜਾ ਰਹੇ ਸਨ। ਉਨ੍ਹਾਂ ਦਾ ਦੋਸ਼ ਹੈ ਕਿ ਸਰਕਾਰ ਨੇ ਲੋਕਾਂ ਦੀ ਆਵਾਜ਼ ਸੁਣਨ ਦੀ ਬਜਾਏ ਉਨ੍ਹਾਂ ਨੂੰ ਰਸਤੇ ਵਿਚ ਹੀ ਰੋਕ ਕੇ ਥਾਣੇ ਵਿਚ ਬੰਦ ਕਰ ਦਿੱਤਾ। ਅਕਾਲੀ ਆਗੂਆਂ ਨੇ ਇਹ ਵੀ ਦਾਅਵਾ ਕੀਤਾ ਕਿ ਕਿਸਾਨ ਜਥੇਬੰਦੀਆਂ ਦੇ ਆਗੂਆਂ ਅਤੇ ਮੀਟਰ ਰੀਡਰਾਂ ਨੂੰ ਵੀ ਆਪਣੀਆਂ ਮੰਗਾਂ ਸਬੰਧੀ ਮੁੱਖ ਮੰਤਰੀ ਨਾਲ ਮਿਲਣ ਤੋਂ ਪਹਿਲਾਂ ਹੀ ਡਿਟੇਨ ਕੀਤਾ ਗਿਆ। ਇਸ ਕਾਰਵਾਈ ਦੇ ਵਿਰੋਧ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਜਥੇਦਾਰ ਤੀਰਥ ਸਿੰਘ ਮਾਹਲਾ, ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਭੁੱਲਰ ਅਤੇ ਸ਼ਹਿਰੀ ਪ੍ਰਧਾਨ ਖਣਮੁਖ ਭਾਰਤੀ ਪੱਤੋ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਵਰਕਰ ਥਾਣਾ ਸਮਾਲਸਰ ਦੇ ਬਾਹਰ ਇਕੱਠੇ ਹੋਏ ਅਤੇ ਧਰਨਾ ਲਗਾ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਹਿਰਾਸਤ ਵਿਚ ਲਏ ਗਏ ਸਾਥੀਆਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ, ਉਨ੍ਹਾਂ ਦਾ ਧਰਨਾ ਜਾਰੀ ਰਹੇਗਾ।