ਅਮਰਗੜ੍ਹ, 25 ਅਪ੍ਰੈਲ (ਜਤਿੰਦਰ ਮੰਨਵੀ)-ਰਾਘਵ ਚੱਡਾ ਸਮੇਤ ਬਾਗੀ ਸਾਂਸਦਾਂ ਨੇ ਆਪਣੇ ਜ਼ਮੀਰ ਦੀ ਸੌਦੇਬਾਜ਼ੀ ਕਰਕੇ ਨਾ ਸਿਰਫ਼ ਪਾਰਟੀ ਨਾਲ ਵਿਸ਼ਵਾਸਘਾਤ ਕੀਤਾ ਬਲਕਿ ਲੱਖਾਂ ਆਗੂਆਂ ਅਤੇ ਵਰਕਰਾਂ ਦੀ ਮਿਹਨਤ ਨਿਸ਼ਠਾ ਅਤੇ ਭਰੋਸੇ ਨੂੰ ਠੇਸ ਪਹੁੰਚਾਉਂਦਿਆਂ ਪਿੱਠ 'ਚ ਛੁਰਾ ਮਾਰਨ ਦਾ ਘਿਣਾਉਣਾ ਅਪਰਾਧ ਕੀਤਾ ਹੈ ਤੇ ਪਾਰਟੀ ਨਾਲ ਗ਼ੱਦਾਰੀ ਕਰਨ ਵਾਲਿਆਂ ਨੂੰ ਜਨਤਾ ਕਦੇ ਮੁਆਫ਼ ਨਹੀਂ ਕਰੇਗੀ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਸਕੱਤਰ ਵਿਰਾਸਤ ਸੇਵਾ ਸੰਗਠਨ ਕੇਵਲ ਸਿੰਘ ਜਾਗੋਵਾਲ ਨੇ ਅਜੀਤ ਨਾਲ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਜਿਨ੍ਹਾਂ ਚਿਹਰਿਆਂ ਨੂੰ ਪਾਰਟੀ ਨੇ ਉੱਚੇ ਮਕਾਮ ਅਤੇ ਮਾਣ-ਸਨਮਾਨ ਬਖ਼ਸ਼ਿਆ, ਉਨ੍ਹਾਂ ਨੇ ਨਿੱਜੀ ਲਾਲਸਾਵਾਂ ਵਾਸਤੇ ਪਾਰਟੀ ਦੀਆਂ ਜੜ੍ਹਾਂ ਖੋਖਲੀਆਂ ਕਰਨ ਦੀ ਕੋਈ ਕਸਰ ਨਹੀਂ ਛੱਡੀ ਤੇ ਪੰਜਾਬ ਦੀ ਲੋਕ ਸਮਾਂ ਆਉਣ 'ਤੇ ਇਨ੍ਹਾਂ ਨੂੰ ਕਰਾਰਾ ਜਵਾਬ ਜ਼ਰੂਰ ਦੇਣਗੇ | ਚੇਅਰਮੈਨ ਜਾਗੋਵਾਲ ਨੇ ਕਿਹਾ ਕਿ ਆਪ ਨੂੰ ਖੋਰਾ ਲਾਉਣ ਦੀ ਕੋਝੀ ਕੋਸ਼ਿਸ਼ ਕਰਨ ਵਾਲੀ ਭਾਜਪਾ ਇਹ ਨਾ ਭੁੱਲੇ ਕਿ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੇ ਸੱਚੇ ਸਿਪਾਹੀ ਅਜੇ ਮੈਦਾਨ 'ਚ ਡਟੇ ਹੋਏ ਹਨ ਤੇ ਅਜਿਹੇ ਮੌਕਾਪ੍ਰਸਤ ਤੱਤਾਂ ਦੇ ਜਾਣ ਨਾਲ ਪਾਰਟੀ ਕਮਜ਼ੋਰ ਨਹੀਂ ਸਗੋਂ ਹੋਰ ਮਜ਼ਬੂਤ ਹੋਵੇਗੀ |