ਭਵਾਨੀਗੜ੍ਹ, 25 ਅਪ੍ਰੈਲ (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ)-ਪਿੰਡਾਂ ਵਿਚ ਬਿਜਲੀ ਦੇ ਲੱਗ ਰਹੇ ਵੱਡੇ-ਵੱਡੇ ਕੱਟਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ 28 ਅਪ੍ਰੈਲ ਨੂੰ ਐੱਸ.ਡੀ.ਓ ਦਫ਼ਤਰ ਦਾ ਘਿਰਾਓ ਕਰ ਕੇ ਸੰਘਰਸ਼ ਕਰੇਗਾ, ਇਹ ਵਿਚਾਰ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਨੇ ਯੂਨੀਅਨ ਦੀ ਹੋਈ ਮੀਟਿੰਗ ਦੌਰਾਨ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਸਾਂਝੇ ਕੀਤੇ | ਉਨ੍ਹਾਂ ਕਿਹਾ ਕਿ ਦਿਨੋਂ ਦਿਨ ਵਧ ਰਹੀ ਗਰਮੀ ਦੌਰਾਨ ਪਿੰਡਾਂ ਵਿਚ ਪਾਵਰਕਾਮ ਵੱਲੋਂ ਵੱਡੇ-ਵੱਡੇ ਕੱਟ ਲਗਾ ਕੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ | ਜਿਸ ਨੂੰ ਲੈ ਕੇ ਇਹ ਸੰਘਰਸ਼ ਕਰਦਿਆਂ ਪ੍ਰਸ਼ਾਸਨ ਨੂੰ ਅਗਾਹ ਕਰਵਾਇਆ ਜਾਵੇਗਾ, ਤਾਂ ਕਿ ਬਿਜਲੀ ਦਾ ਹੱਲ ਯਕੀਨੀ ਬਣਾਇਆ ਜਾ ਸਕੇ | ਇਸ ਮੌਕੇ 'ਤੇ ਉਨ੍ਹਾਂ ਅਨਾਜ ਮੰਡੀਆਂ ਵਿਚ ਬਰਦਾਨੇ ਦੀ ਆ ਰਹੀ ਘਾਟ 'ਤੇ ਵੀ ਪੰਜਾਬ ਅਤੇ ਕੇਂਦਰ ਸਰਕਾਰ ਦੀ ਨਾਕਾਮੀ ਦੀ ਨਿੰਦਾ ਕੀਤੀ | ਸ: ਭੱਟੀਵਾਲ ਨੇ ਕਿਸਾਨ ਆਗੂਆਂ ਨੂੰ 28 ਅਪ੍ਰੈਲ ਨੂੰ ਵੱਡੀ ਗਿਣਤੀ ਵਿਚ ਉਕਤ ਸੰਘਰਸ਼ ਵਿਚ ਪਹੁੰਚਣ ਸਬੰਧੀ ਪਿੰਡਾਂ ਦੇ ਆਗੂਆਂ ਦੀਆਂ ਡਿਊਟੀਆਂ ਵੀ ਲਗਾਈਆਂ | ਇਸ ਮੌਕੇ 'ਤੇ ਮੁਖ਼ਤਿਆਰ ਸਿੰਘ ਬਲਿਆਲ , ਕੁਲਵਿੰਦਰ ਸਿੰਘ ਮਿੱਠੂ, ਬੁੱਧ ਸਿੰਘ ਬਾਲਦ ਖ਼ੁਰਦ, ਹਾਕਮ ਸਿੰਘ ਨਿਦਾਮਪੁਰ, ਜਰਨੈਲ ਸਿੰਘ ਘਰਾਚੋਂ ਅਤੇ ਗੁਰਧਿਆਨ ਸਿੰਘ ਭੱਟੀਵਾਲ ਤੋਂ ਇਲਾਵਾ ਹੋਰ ਆਗੂ ਵੀ ਹਾਜ਼ਰ ਸਨ |