ਸੰਗਰੂਰ, ਚੀਮਾ ਮੰਡੀ, 25 ਅਪ੍ਰੈਲ (ਸੁਖਵਿੰਦਰ ਸਿੰਘ ਫੁੱਲ, ਗੁਰਜੀਤ ਸਿੰਘ ਚਹਿਲ)-ਸੱਚਖੰਡ ਵਾਸੀ ਪਦਮ ਸ੍ਰੀ ਅਤੇ ਸ਼ੋ੍ਰਮਣੀ ਪੰਥ ਰਤਨ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲਿਆਂ ਵੱਲੋਂ ਮਹਿਲਾ ਸ਼ਸ਼ਕਤੀਕਰਨ ਦੀ ਚਲਾਈ ਮੁਹਿੰਮ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਅਕਾਲ ਅਕੈਡਮੀਆਂ ਜੋ ਆਧੁਨਿਕ ਪਾਠਕ੍ਰਮ ਅਤੇ ਆਤਮਿਕ ਵਿਕਾਸ ਨੂੰ ਜੋੜ ਕੇ ਸਮੁੱਚੀ ਸਿੱਖਿਆ ਦਾ ਵਿਲੱਖਣ ਮਾਡਲ ਪੇਸ਼ ਕਰਦੀਆਂ ਹਨ ਦੀਆਂ ਵਿਦਿਆਰਥਣਾਂ ਵੱਲੋਂ ਲੜਕਿਆਂ ਨੂੰ ਪਛਾੜਦਿਆਂ ਸੀ ਬੀ ਐਸ ਈ ਬੋਰਡ ਨਵੀਂ ਦਿੱਲੀ ਵੱਲੋਂ ਐਲਾਨੇ ਦਸਵੀਂ ਜਮਾਤ ਦੇ ਨਤੀਜੇ 'ਚੋਂ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕਰ ਕੇ ਮੋਹਰੀ ਭੂਮਿਕਾ ਨਿਭਾਈ ਗਈ | ਜ਼ਿਕਰਯੋਗ ਹੈ ਕਿ ਬਾਬਾ ਇਕਬਾਲ ਸਿੰਘ ਵੱਲੋਂ ਕੀਤੇ ਉਦਮ ਤਹਿਤ ਪਿਛਲੇ ਚਾਰ ਦਹਾਕਿਆਂ ਤੋਂ ਅਕਾਲ ਅਕੈਡਮੀਆਂ ਵਿੱਦਿਅਕ ਖੇਤਰ 'ਚ ਮੱਲ੍ਹਾਂ ਮਾਰ ਰਹੀਆਂ ਹਨ | ਜ਼ਿਕਰਯੋਗ ਹੈ ਕਿ ਕਲਗ਼ੀਧਰ ਟਰੱਸਟ ਬੜੂ ਸਾਹਿਬ ਅਧੀਨ 131 ਅਕਾਲ ਅਕੈਡਮੀਆਂ ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ ਵਿੱਚ ਫੈਲੀਆਂ ਹੋਈਆਂ ਹਨ, ਜੋ ਕਿ ਵਿਦਿਆਰਥੀਆਂ ਨੂੰ ਗੁਣਵੱਤਾ ਭਰਪੂਰ ਸਿੱਖਿਆ ਪ੍ਰਦਾਨ ਕਰ ਰਹੀਆਂ ਹਨ | ਇਸ ਸਾਲ ਅਕਾਲ ਅਕੈਡਮੀਆਂ 'ਚ ਪੜ੍ਹ ਰਹੇ 4,284 ਵਿਦਿਆਰਥੀਆਂ ਨੇ ਸੀ.ਬੀ.ਐੱਸ.ਈ ਬੋਰਡ ਅਧੀਨ ਦਸਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਸੀ, ਜਿਸ ਦਾ ਨਤੀਜਾ 100 ਫ਼ੀਸਦੀ ਰਿਹਾ ਹੈ | ਅਕਾਲ ਅਕੈਡਮੀਆਂ 'ਚੋ ਲਿਵਰੋਜ਼ ਕੌਰ ਨੇ 99.4% ਅੰਕ ਹਾਸਲ ਕਰ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ, ਏਕਮਪ੍ਰੀਤ ਕੌਰ ਅਤੇ ਮਨਪ੍ਰੀਤ ਕੌਰ ਨੇ 99.2% ਅੰਕ ਪ੍ਰਾਪਤ ਦੂਜਾ ਸਥਾਨ ਹਾਸਲ ਕੀਤਾ | ਵਿਦਿਆਰਥਣ ਨਵਰੀਤ ਕੌਰ, ਜਸਮੀਨ ਕੌਰ ਅਤੇ ਨਿਰਵੈਰ ਸਿੰਘ ਨੇ 99% ਅੰਕ ਹਾਸਲ ਕਰ ਕੇ ਤੀਜਾ ਸਥਾਨ ਹਾਸਲ ਕਰ ਕੇ ਅਕਾਲ ਅਕੈਡਮੀਆਂ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ, ਜੋ ਕਿ ਵਿਦਿਆਰਥੀਆਂ ਦੀ ਮਿਹਨਤ, ਲਗਨ ਅਤੇ ਸਮਰਪਣ ਭਾਵਨਾ ਦਾ ਨਤੀਜਾ ਹੈ | ਜ਼ਿਕਰਯੋਗ ਹੈ ਕਿ ਅਕਾਲ ਅਕੈਡਮੀਆਂ ਦੇ ਉੱਚ ਅੰਕ ਪ੍ਰਾਪਤ ਕਰਨ ਵਾਲਿਆਂ 'ਚੋਂ 188 ਵਿਦਿਆਰਥੀਆਂ ਨੇ 95 ਫ਼ੀਸਦੀ ਤੋਂ ਵੱਧ, 635 ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਵੱਧ ਅਤੇ 1,852 ਵਿਦਿਆਰਥੀਆਂ ਨੇ 80 ਫ਼ੀਸਦੀ ਤੋਂ ਵੱਧ ਅੰਕ ਹਾਸਲ ਕਰ ਕੇ ਰਿਕਾਰਡ ਕਾਇਮ ਕੀਤਾ | ਅਕਾਲ ਅਕੈਡਮੀਆਂ ਦੇ ਪ੍ਰਬੰਧਕਾਂ ਵੱਲੋਂ ਉਕਤ ਮਾਣਮੱਤੀ ਸਫਲਤਾ ਦਾ ਸਿਹਰਾ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਦੀ ਸਾਂਝੀ ਮਿਹਨਤ ਅਤੇ ਸੰਸਥਾ ਦੀ ਮਜ਼ਬੂਤ ਮੁੱਲ-ਆਧਾਰਿਤ ਸਿੱਖਿਆ ਪ੍ਰਣਾਲੀ ਨੂੰ ਦਿੱਤਾ | ਕਲਗ਼ੀਧਰ ਟਰੱਸਟ ਬੜੂ ਸਾਹਿਬ ਦੇ ਪ੍ਰਧਾਨ ਡਾ. ਦਵਿੰਦਰ ਸਿੰਘ, ਡਾ. ਨੀਲਮ ਕੌਰ ਅਤੇ ਟਰੱਸਟ ਦੇ ਉਪ ਪ੍ਰਧਾਨ ਭਾਈ ਜਗਜੀਤ ਸਿੰਘ (ਕਾਕਾ ਵੀਰ ਜੀ) ਨੇ ਅਕੈਡਮੀਆਂ ਦੇ ਸਮੁੱਚੇ ਸਟਾਫ਼, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਇਸ ਮਾਣਮੱਤੀ ਸਫਲਤਾ ਦੀ ਵਧਾਈ ਦਿੱਤੀ |