ਸੰਗਰੂਰ, 25 ਅਪ੍ਰੈਲ (ਧੀਰਜ ਪਸ਼ੌਰੀਆ)-ਹਾੜੀ ਦੇ ਇਸ ਸਾਲ ਦੇ ਸੀਜ਼ਨ ਵਿੱਚ ਪ੍ਰਾਈਵੇਟ ਵਪਾਰੀਆਂ ਨੇ ਅਨਾਜ ਮੰਡੀ ਸੰਗਰੂਰ ਵਿੱਚੋਂ ਕਣਕ ਦੀ ਖ਼ਰੀਦ ਕਰਨ ਤੋਂ ਮੂੰਹ ਮੋੜ ਲਿਆ ਹੈ, ਪ੍ਰਾਈਵੇਟ ਵਪਾਰੀਆਂ ਵੱਲੋਂ ਇਸ ਸਾਲ ਕਣਕ ਦੀ ਨਾ ਮਾਤਰ ਖ਼ਰੀਦ ਹੀ ਕੀਤੀ ਗਈ ਹੈ | ਅਨਾਜ ਮੰਡੀ ਸੰਗਰੂਰ ਵਿੱਚ ਹੁਣ ਤੱਕ ਹੋਈ ਕਣਕ ਦੀ ਖ਼ਰੀਦ ਵਿੱਚੋਂ 45000 ਮੀਟਰਕ ਟਨ ਕਣਕ ਪਨਗਰੇਨ ਸਮੇਤ ਵੱਖ-ਵੱਖ ਸਰਕਾਰੀ ਏਜੰਸੀਆਂ ਵੱਲੋਂ ਖ਼ਰੀਦੀ ਗਈ ਹੈ ਜਦ ਕਿ ਪ੍ਰਾਈਵੇਟ ਵਪਾਰੀਆਂ ਵੱਲੋਂ ਸਿਰਫ਼ 2000 ਮੀਟਰਕ ਟਨ ਕਣਕ ਦੀ ਖ਼ਰੀਦ ਹੀ ਕੀਤੀ ਗਈ ਹੈ | ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅਨਾਜ ਮੰਡੀ ਸੰਗਰੂਰ ਵਿੱਚੋਂ ਪ੍ਰਾਈਵੇਟ ਵਪਾਰੀਆਂ ਨੇ 50615 ਮੀਟਰ ਟਨ ਕਣਕ ਦੀ ਖ਼ਰੀਦ ਕੀਤੀ ਸੀ ਜਦ ਕਿ ਸਰਕਾਰੀ ਏਜੰਸੀਆਂ ਦੇ ਹਿੱਸੇ ਸਿਰਫ਼ 13570 ਮੀਟਰਕ ਟਨ ਕਣਕ ਹੀ ਆਈ ਸੀ | ਜਾਣਕਾਰਾਂ ਦਾ ਕਹਿਣਾ ਹੈ ਕਿ ਇਸ ਸਾਲ ਕਣਕ ਦਾ ਘੱਟੋ ਘੱਟ ਸਮਰਥਨ ਮੁੱਲ 2585 ਰੁਪਏ ਪ੍ਰਤੀ ਕੁਇੰਟਲ ਹੈ | ਬੇਸ਼ੱਕ ਕਣਕ ਦੀ ਖ਼ਰੀਦ ਤੇ ਫਲੋਰ ਮਿੱਲ ਵਾਲਿਆਂ ਨੂੰ ਮਾਰਕੀਟ ਫ਼ੀਸ ਅਤੇ ਆਰਡੀਐਫ ਤੋਂ ਛੋਟ ਹੈ ਫਿਰ ਵੀ ਇਹ ਕਣਕ ਖ਼ਰਚੇ ਪਾ ਕੇ ਪ੍ਰਾਈਵੇਟ ਵਪਾਰੀ ਨੂੰ 2700 ਪ੍ਰਤੀ ਕੁਇੰਟਲ ਪੈਂਦੀ ਹੈ ਜਦੋਂ ਕਿ ਕਈ ਗੁਆਂਢੀ ਸੂਬਿਆਂ ਵਿੱਚ ਕਣਕ ਦੀ ਸਰਕਾਰੀ ਖ਼ਰੀਦ ਨਾ ਹੋਣ ਕਾਰਨ ਉੱਥੋਂ ਇਹ ਕਣਕ 2500 ਰੁਪਏ ਪ੍ਰਤੀ ਕੁਇੰਟਲ ਧੁਰ ਪਹੁੰਚ ਰਹੀ ਹੈ | ਦੂਜਾ ਵੱਡਾ ਕਾਰਨ ਪੰਜਾਬ ਵਿੱਚ ਇਸ ਸਾਲ ਹੋਈ ਬੇਮੌਸਮੀ ਬਰਸਾਤ ਕਾਰਨ ਕਣਕ ਦੀ ਕੁਆਲਿਟੀ ਵਿੱਚ ਆਈ ਗਿਰਾਵਟ ਵੀ ਹੈ | ਤੀਜਾ ਕਾਰਨ ਹੋਰ ਵੀ ਹੈ ਪਿਛਲੇ ਸਾਲ ਕਣਕ ਵਿੱਚ ਆਉਣ ਵਾਲੀ ਸੰਭਾਵਿਤ ਤੇਜ਼ੀ ਨੂੰ ਦੇਖਦਿਆਂ ਹੋਇਆਂ ਫਲੋਰ ਮਿੱਲ ਵਾਲਿਆਂ ਨੇ ਵੱਡੀ ਮਿਕਦਾਰ ਵਿੱਚ ਕਣਕ ਦੀ ਖ਼ਰੀਦ ਕੀਤੀ ਸੀ ਪਰ ਬਾਅਦ ਵਿੱਚ ਸਰਕਾਰ ਵੱਲੋਂ ਕਣਕ ਦੇ ਕੱਢੇ ਟੈਂਡਰਾਂ ਵਿੱਚ ਫਲੋਰ ਮਿੱਲਾਂ ਵਾਲਿਆਂ ਨੂੰ ਘੱਟ ਰੇਟ ਤੇ ਹੀ ਕਣਕ ਮਿਲ ਗਈ | ਇਸ ਦੇ ਚੱਲਦਿਆਂ ਇਸ ਵਾਰ ਪ੍ਰਾਈਵੇਟ ਵਪਾਰੀਆਂ ਨੇ ਸੰਗਰੂਰ ਸਮੇਤ ਪੰਜਾਬ ਦੀਆਂ ਹੋਰ ਮੰਡੀਆਂ ਤੋਂ ਕਣਕ ਦੀ ਖ਼ਰੀਦ ਲਈ ਦੂਰੀ ਬਣਾਈ ਹੋਈ ਹੈ | ਇਸ ਦੀ ਪੁਸ਼ਟੀ ਕਰਦਿਆਂ ਆੜ੍ਹਤੀਆ ਐਸੋਸੀਏਸ਼ਨ ਸੰਗਰੂਰ ਦੇ ਸਾਬਕਾ ਪ੍ਰਧਾਨ ਸ਼ੀਸ਼ਨ ਕੁਮਾਰ ਤੁੰਗਾਂ ਅਤੇ ਅਕਾਊਾਟੈਂਟ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਧਰਮਿੰਦਰ ਤਿਵਾੜੀ ਨੇ ਕਿਹਾ ਕਿ ਇਸ ਵਾਰ ਫਲੋਰ ਮਿਲ ਮਾਲਕਾ ਵੱਲੋਂ ਕਣਕ ਦੀ ਨਾ ਮਾਤਰ ਖ਼ਰੀਦ ਹੀ ਕੀਤੀ ਜਾ ਰਹੀ ਹੈ |