ਸੰਗਰੂਰ, 2 ਮਈ (ਧੀਰਜ ਪਸ਼ੌਰੀਆ) - ਜਿਲਾ ਸੰਗਰੂਰ ਵਿੱਚ ਖੇਤੀਬਾੜੀ ਦੌਰਾਨ ਰਸਾਇਣਿਕ ਖਾਦਾਂ ਦੀ ਵਰਤੋਂ ਜ਼ਰੂਰਤ ਤੋਂ ਕਿਤੇ ਜ਼ਿਆਦਾ ਕੀਤੀ ਜਾ ਰਹੀ ਹੈ ਜਿਸ ਦਾ ਧਰਤੀ ਦੀ ਸਿਹਤ, ਧਰਤੀ ਹੇਠਲੇ ਪਾਣੀ ਅਤੇ ਵਾਤਾਵਰਨ ਤੇ ਮਾੜਾ ਪ੍ਰਭਾਵ ਪੈ ਰਿਹਾ ਹੈ | ਇਹ ਦਾਅਵਾ ਕਰਦਿਆਂ ਕਿ੍ਸ਼ੀ ਵਿਗਿਆਨ ਕੇਂਦਰ ਖੇੜੀ ਦੇ ਇੰਚਾਰਜ ਡਾ. ਮਨਦੀਪ ਸਿੰਘ ਨੇ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਕਣਕ ਤੇ ਝੋਨੇ ਦੀ ਕਾਸਟ ਦੌਰਾਨ ਦੋ - ਦੋ ਥੈਲੇ ਯੂਰੀਆ ਪ੍ਰਤੀ ਏਕੜ ਵਰਤੋਂ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ | ਕਣਕ ਦੀ ਬਿਜਾਈ ਲਈ 55 ਕਿਲੋ ਡੀਏਪੀ ਖਾਦ ਪ੍ਰਤੀ ਏਕੜ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਪਰ ਕਈ ਕਿਸਾਨਾਂ ਵੱਲੋਂ ਇਸ ਦੀ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ | ਇਸ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਿ੍ਸ਼ੀ ਵਿਗਿਆਨ ਕੇਂਦਰ, ਖੇੜੀ ਸੰਗਰੂਰ ਵੱਲੋਂ ਖਾਦਾਂ ਦੀ ਸੰਤੁਲਿਤ ਵਰਤੋਂ ਲਈ ਮੁਹਿੰਮ ਵਿੱਢੀ ਗਈ ਹੈ ਜਿਸ ਅਧੀਨ ਬਲਾਕ ਸੰਗਰੂਰ ਦੇ ਪਿੰਡ ਕਨੋਈ ਵਿਖੇ ਕਿਸਾਨ ਗੋਸ਼ਟੀ ਕਰਵਾਈ ਗਈ | ਇਸ ਵਿੱਚ ਕਿਸਾਨਾਂ ਨੂੰ ਮਿੱਟੀ ਨੂੰ ਵਧੇਰੇ ਸਿਹਤਮੰਦ ਬਣਾਉਣ ਲਈ ਨੁਕਤੇ ਦੱਸੇ ਗਏ | ਕਿਸਾਨਾਂ ਨੂੰ ਫ਼ਸਲ ਵਿੱਚ ਸਿਰਫ਼ ਮਿੱਟੀ ਪਰਖ ਆਧਾਰ 'ਤੇ ਖਾਦਾਂ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ | ਖਾਦਾਂ ਦੀ ਸੰਤੁਲਿਤ ਵਰਤੋਂ ਦੇ ਫ਼ਾਇਦਿਆਂ ਬਾਰੇ ਦੱਸਦਿਆਂ ਕਿਹਾ ਕਿ ਇਸ ਨਾਲ ਨਾ ਸਿਰਫ਼ ਫ਼ਸਲ ਦੀ ਗੁਣਵੱਤਾ ਵਿੱਚ ਸੁਧਾਰ ਹੁੰਦਾ ਹੈ, ਬਲਕਿ ਇਹ ਮਿੱਟੀ ਦੀ ਸਿਹਤ ਬਰਕਰਾਰ ਰੱਖਣ ਅਤੇ ਖਾਦਾਂ ਉੱਤੇ ਕੀਤੇ ਜਾ ਰਹੇ ਬੇਲੋੜੇ ਖ਼ਰਚਿਆਂ ਨੂੰ ਘਟਾਉਣ ਵਿੱਚ ਵੀ ਸਹਾਈ ਹੁੰਦੀ ਹੈ | ਉਨ੍ਹਾਂ ਕਿਸਾਨਾਂ ਨੂੰ ਜ਼ਮੀਨ ਦੀ ਸਿਹਤ ਦੀ ਸੰਭਾਲ ਲਈ ਜੈਵਿਕ ਅਤੇ ਰਸਾਇਣਿਕ ਖਾਦਾਂ ਨੂੰ ਸੁਮੇਲ ਵਿੱਚ ਵਰਤਣ ਬਾਰੇ ਵੀ ਜਾਗਰੂਕ ਕੀਤਾ | ਇਸ ਤੋਂ ਇਲਾਵਾ ਉਨ੍ਹਾਂ ਝੋਨੇ, ਬਾਸਮਤੀ ਅਤੇ ਮੱਕੀ ਦੀਆਂ ਪ੍ਰਮਾਣਿਤ ਕਿਸਮਾਂ, ਜੈਵਿਕ ਖਾਦਾਂ ਅਤੇ ਇਨ੍ਹਾਂ ਦੀ ਵਿਕਰੀ ਲਈ ਕਿ੍ਸ਼ੀ ਵਿਗਿਆਨ ਕੇਂਦਰ ਵੱਲੋਂ ਕੀਤੇ ਪ੍ਰਬੰਧਾਂ ਬਾਰੇ ਵੀ ਜਾਣਕਾਰੀ ਦਿੱਤੀ | ਡਾ. ਰੁਕਿੰਦਰਪ੍ਰੀਤ ਸਿੰਘ, ਸਹਾਇਕ ਪ੍ਰੋਫੈਸਰ (ਫ਼ਸਲ ਵਿਗਿਆਨ) ਨੇ ਮਿੱਟੀ ਅਤੇ ਪਾਣੀ ਪਰਖ ਕਰਵਾਉਣ ਦੇ ਵਿਗਿਆਨਕ ਢੰਗ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਕਿਸਾਨਾਂ ਨੂੰ ਮਿੱਟੀ ਨੂੰ ਸਿਹਤਮੰਦ ਬਣਾਉਣ ਲਈ ਹਰੀ ਖਾਦ ਬਾਰੇ ਵੀ ਜਾਣਕਾਰੀ ਦਿੱਤੀ | ਅਖੀਰ ਵਿੱਚ ਸ. ਦੀਪ ਸਿੰਘ, ਸਰਪੰਚ ਪਿੰਡ ਕਨੋਈ, ਸ. ਗੁਰਿੰਦਰ ਸਿੰਘ ਅਤੇ ਸ. ਦੀਦਾਰ ਸਿੰਘ ਵੱਲੋਂ ਵੱਲੋਂ ਕਿ੍ਸ਼ੀ ਵਿਗਿਆਨ ਕੇਂਦਰ, ਸੰਗਰੂਰ ਦੀ ਟੀਮ ਦਾ ਬਹੁਪੱਖੀ ਜਾਣਕਾਰੀ ਦੇਣ ਲਈ ਧੰਨਵਾਦ ਕੀਤਾ ਗਿਆ |