ਮਲੇਰਕੋਟਲਾ, 2 ਮਈ (ਅਜੀਤ ਬਿਊਰੋ) - ਪਿਛਲੇ ਕਰੀਬ ਇੱਕ ਹਫ਼ਤੇ ਤੋਂ ਪਿੰਡ ਸਰੌਦ ਦੇ ਲਾਪਤਾ ਨੌਜਵਾਨ ਸੁਰਜੀਤ ਸਿੰਘ ਦੀ ਲਾਸ਼ ਬੇਹੱਦ ਖ਼ਰਾਬ ਹਾਲਤ ਦੇ ਵਿੱਚ ਪਿੰਡ ਰਾਣਵਾਂ ਨੇੜੇ ਲਸਾੜਾ ਡਰੇਨ ਤੋਂ ਪੁਲਿਸ ਨੇ ਬਰਾਮਦ ਕਰ ਲਈ | ਲਗਭਗ ਇੱਕ ਹਫ਼ਤਾ ਪਹਿਲਾਂ ਲਾਪਤਾ ਹੋਏ ਨੌਜਵਾਨ ਸੁਰਜੀਤ ਸਿੰਘ ਦੀ ਉਸ ਦੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਵੱਲੋਂ ਭਾਲ ਕੀਤੀ ਜਾ ਰਹੀ ਸੀ ਪ੍ਰੰਤੂ ਅੱਜ ਨੌਜਵਾਨ ਦੀ ਲਾਸ਼ ਮਿਲਣ ਤੋਂ ਬਾਅਦ ਇਲਾਕੇ ਅੰਦਰ ਸਨਸਨੀ ਭਰਿਆ ਮਾਹੌਲ ਪੈਦਾ ਹੋ ਗਿਆ | ਬੀਤੇ ਦਿਨੀਂ ਸੁਰਜੀਤ ਸਿੰਘ ਦੇ ਲਾਪਤਾ ਹੋਣ ਦੇ ਚੱਲਦਿਆਂ ਉਸ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਥਾਣਾ ਸਦਰ ਅਹਿਮਦਗੜ੍ਹ ਵਿਖੇ ਉਸ ਦੀ ਗੁੰਮਸ਼ੁਦਗੀ ਦੀ ਸ਼ਿਕਾਇਤ ਵੀ ਦਰਜ ਕਰਾਈ ਗਈ ਸੀ | ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਪਿੰਡ ਰਾਣਵਾਂ ਨੇੜੇ ਡਰੇਨ ਦੇ ਪੁਲ 'ਤੇ ਜਾ ਕੇ ਸ਼ੱਕ ਦੇ ਅਧਾਰ 'ਤੇ ਕਾਬੂ ਕੀਤੇ ਪਿੰਡ ਸਰੌਦ ਦੇ ਹੀ ਵਾਸੀ ਇੱਕ ਵਿਅਕਤੀ ਦੀ ਨਿਸ਼ਾਨਦੇਹੀ ਉਪਰੰਤ ਸੁਰਜੀਤ ਸਿੰਘ ਦੀ ਲਾਸ਼ ਬੋਰੀ ਵਿੱਚ ਬੰਦ ਖ਼ਰਾਬ ਹਾਲਤ 'ਚ ਬਰਾਮਦ ਕੀਤੀ | ਜਦ ਇਸ ਸਬੰਧੀ ਪੁਲਿਸ ਅਧਿਕਾਰੀਆਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਜ਼ਿਆਦਾ ਕੁੱਝ ਕਹਿਣ ਤੋਂ ਇਨਕਾਰ ਕਰਦਿਆਂ ਆਖਿਆ ਕਿ ਇਸ ਮਸਲੇ ਨੂੰ ਲੈ ਕੇ ਅਹਿਮ ਤੱਥਾਂ ਨੂੰ ਖੰਘਾਲਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਹੀ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ | ਉਨ੍ਹਾਂ ਕਿਹਾ ਕਿ ਇਸ ਮਸਲੇ ਸਬੰਧੀ ਅਗਲੇ ਸਮੇਂ ਨੂੰ ਜਾਣਕਾਰੀ ਸਾਂਝੀ ਕੀਤੀ ਜਾਵੇਗੀ | ਉਧਰ ਦੂਜੇ ਪਾਸੇ ਨੌਜਵਾਨ ਦੇ ਨੇੜਲੇ ਵਿਅਕਤੀਆਂ ਦਾ ਕਹਿਣਾ ਹੈ ਕਿ ਸੁਰਜੀਤ ਸਿੰਘ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ | ਉਕਤ ਸੁਰਜੀਤ ਸਿੰਘ ਦੀ ਮੌਤ ਦੇ ਅਸਲ ਕਾਰਨ ਕੀ ਬਣੇ, ਇਸ ਮਸਲੇ ਦੀਆਂ ਪਰਤਾਂ ਤਾਂ ਅਗਲੇ ਦਿਨਾਂ ਨੂੰ ਪੁਲਿਸ ਵੱਲੋਂ ਦਿੱਤੀ ਜਾਣ ਵਾਲੀ ਜਾਣਕਾਰੀ ਤੋਂ ਬਾਅਦ ਹੀ ਖੁੱਲ੍ਹਣ ਦੀ ਸੰਭਾਵਨਾ ਹੈ |