ਮੂਨਕ, 2 ਮਈ (ਵਰਿੰਦਰ ਭਾਰਦਵਾਜ) - ਕੜੈਲ ਜਾਖ਼ਲ ਬੈਰੀਅਰ ਚੌਂਕ ਨੇੜੇ ਵਾਪਰੇ ਸੜਕ ਹਾਦਸੇ ਦੌਰਾਨ ਦੋ ਕਾਰਾਂ ਦੀ ਆਹਮੋ-ਸਾਹਮਣੇ ਟੱਕਰ ਕਾਰਨ ਦੋਵੇਂ ਵਾਹਨ ਪੂਰੀ ਤਰ੍ਹਾਂ ਨੁਕਸਾਨੇ ਗਏ ਅਤੇ ਦੋਵਾਂ ਡਰਾਈਵਰਾਂ ਨੂੰ ਵੀ ਗੰਭੀਰ ਸੱਟਾਂ ਲੱਗੀਆਂ, ਸੱਟਾਂ ਵਧੇਰੇ ਹੋਣ ਕਰਕੇ ਡਾਕਟਰਾਂ ਨੇ ਜ਼ਖਮੀਆਂ ਨੂੰ ਇਲਾਜ ਲਈ ਹਾਇਰ ਮੈਡੀਕਲ ਸੈਂਟਰ ਵਿਖੇ ਰੈਫ਼ਰ ਕਰ ਦਿੱਤਾ | ਮੌਕੇ ਦੇ ਪ੍ਰਤੱਖਦਰਸੀਆਂ ਅਨੁਸਾਰ ਇੱਕ ਕਾਰ ਰੇਲਵੇ ਪੁਲ ਤੋਂ ਹੇਠਾਂ ਉਤਰ ਰਹੀ ਸੀ ਜਦੋਂ ਕਿ ਦੂਜੀ ਕਾਰ ਜਾਖ਼ਲ ਪੁਲਿਸ ਸਟੇਸ਼ਨ ਵੱਲ ਜਾ ਰਹੀ ਸੀ, ਹਾਦਸਾ ਉਦੋਂ ਵਾਪਰਿਆ ਜਦੋਂ ਬੱਚੇ ਅਚਾਨਕ ਸੜਕ 'ਤੇ ਦਿਖਾਈ ਦਿੱਤੇ ਜਿਸ ਕਾਰਨ ਦੋਵੇ ਡਰਾਈਵਰ ਆਪਣਾ ਸੰਤੁਲਨ ਖੋ ਬੈਠੇ ਅਤੇ ਦੋਵਾਂ ਨੂੰ ਆਪਣੀ ਦਿਸ਼ਾ ਬਦਲਣ ਲਈ ਮਜਬੂਰ ਹੋਣਾ ਪਿਆ ਜਿਸ ਕਾਰਨ ਕਾਰਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ | ਸਥਾਨਕ ਨਿਵਾਸੀਆਂ ਨੇ ਜ਼ਖਮੀਆਂ ਨੂੰ ਆਪਣੇ ਵਾਹਨਾਂ ਵਿੱਚ ਕਮਿਊਨਿਟੀ ਹੈਲਥ ਸੈਂਟਰ ਜਾਖ਼ਲ ਵਿੱਚ ਇਲਾਜ ਲਈ ਭਰਤੀ ਕਰਵਾਇਆ | ਡਾ. ਅਮਰਦੀਪ ਨੇ ਦੱਸਿਆ ਕਿ ਜ਼ਖਮੀਆਂ ਵਿਚੋਂ ਗੁਰਪ੍ਰੀਤ ਵਾਸੀ ਸਲੇਮਗੜ੍ਹ ਜਿਸ ਦੇ ਚਿਹਰੇ ਅਤੇ ਅੱਖਾਂ 'ਤੇ ਗੰਭੀਰ ਸੱਟਾਂ ਲੱਗੀਆਂ ਜਿਸ ਨੰੂ ਡਾਕਟਰਾਂ ਵੱਲੋ ਮੁੱਢਲੀ ਸਹਾਇਤਾ ਦੇਣ ਉਪਰੰਤ ਉਸ ਦੇ ਪਰਿਵਾਰ ਵਾਲੇ ਜ਼ਖਮੀ ਨੂੰ ਇਲਾਜ ਲਈ ਪਟਿਆਲਾ ਲੈ ਗਏ ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ | ਦੂਜਾ ਕਾਰ ਡਰਾਈਵਰ ਗੁਰਵਿੰਦਰ ਸਿੰਘ ਵਾਸੀ ਗੁਰੂ ਨਾਨਕ ਨਗਰ (ਚੂਲੜ ਕਲਾ) ਦੇ ਛਾਤੀ ਵਿੱਚ ਕਾਰ ਦਾ ਸਟੇਅਰਿੰਗ ਵਹੀਲ ਲੱਗਣ ਕਾਰਨ ਉਸ ਨੰੂ ਗੰਭੀਰ ਸੱਟਾਂ ਲੱਗੀਆਂ ਡਾਕਟਰਾਂ ਨੇ ਉਸ ਨੰੂ ਮੈਡੀਕਲ ਕਾਲਜ ਅਗਰੋਹਾ ਰੈਫ਼ਰ ਕਰ ਦਿੱਤਾ | ਜਾਖ਼ਲ ਪੁਲਿਸ ਸਟੇਸ਼ਨ ਦੇ ਅਧਿਕਾਰੀ ਸੁਰੇਸ਼ ਕੁਮਾਰ ਨੇ ਦੱਸਿਆ ਕਿ ਹਾਦਸੇ ਵਿੱਚ ਜ਼ਖਮੀ ਹੋਏ ਦੋਵਾਂ ਵਿਅਕਤੀਆਂ ਨੂੰ ਡਾਕਟਰਾਂ ਵੱਲੋ ਮੁੱਢਲੀ ਸਹਾਇਤਾ ਦੇਣ ਉਪਰੰਤ ਰੈਫ਼ਰ ਕਰ ਦਿੱਤਾ ਹੈ ਅਤੇ ਜ਼ਖਮੀਆਂ ਦੇ ਬਿਆਨਾਂ ਦੇ ਆਧਾਰ ਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ |