ਸੰਗਰੂਰ, 2 ਮਈ (ਅਮਨਦੀਪ ਸਿੰਘ ਬਿੱਟਾ)-ਪੰਜਾਬ ਮਹਿਲਾ ਕਾਂਗਰਸ ਦੀ ਸਕੱਤਰ ਅਤੇ ਕੌਂਸਲਰ ਬੀਬੀ ਬਲਵੀਰ ਕੌਰ ਸੈਣੀ ਨੇ ਕਿਹਾ ਕਿ ਵੱਖ-ਵੱਖ ਰਾਜਾਂ ਦੀਆਂ ਵਿਧਾਨ ਸਭਾ ਚੋਣਾ ਦੇ ਤੁਰੰਤ ਬਾਅਦ ਗੈੱਸ ਸਿਲੰਡਰਾਂ ਦੀ ਕੀਮਤ ਵਿੱਚ ਕੇਂਦਰ ਸਰਕਾਰ ਵੱਲੋਂ ਕੀਤਾ ਵਾਧਾ ਲੋਕਾਂ ਨਾਲ ਸਿੱਧਾ ਧੋਖਾ ਹੈ | ਉਨ੍ਹਾਂ ਕਿਹਾ ਕਿ ਚਾਹੇ ਇਹ ਵਾਧਾ ਵਪਾਰਕ ਐਲ.ਪੀ.ਜੀ. ਸਿਲੰਡਰ ਉੱਤੇ ਹੋਇਆ ਹੈ ਪਰ ਇਸ ਦਾ ਵੀ ਸਿੱਧਾ ਬੋਝ ਆਮ ਲੋਕਾਂ ਦੇ ਘਰੇਲੂ ਬਜਟ ਉੱਤੇ ਹੀ ਪਵੇਗਾ | ਬੀਬੀ ਸੈਣੀ ਨੇ ਕਿਹਾ ਕਿ ਹੁਣ ਅਫ਼ਵਾਹਾਂ ਦਾ ਬਾਜ਼ਾਰ ਇਸ ਗੱਲੋਂ ਵੀ ਗਰਮ ਹੈ ਕਿ ਕੇਂਦਰ ਸਰਕਾਰ ਪੈਟਰੋਲ ਅਤੇ ਡੀਜ਼ਲ ਦੀ ਕੀਮਤਾਂ ਵਿੱਚ ਵੀ ਇਜ਼ਾਫਾ ਕਰ ਸਕਦੀ ਹੈ | ਜਿਸ ਨਾਲ ਮੱਧਵਰਗੀ ਅਤੇ ਗ਼ਰੀਬ ਵਰਗ ਦੀਆਂ ਸਮੱਸਿਆਵਾਂ ਤਾਂ ਵਧਣਗੀਆਂ ਹੀ ਇਸ ਨਾਲ ਖੇਤੀ ਪ੍ਰਧਾਨ ਸੂਬੇ ਪੰਜਾਬ ਦਾ ਕਿਸਾਨ ਵੀ ਪ੍ਰਭਾਵਿਤ ਹੋਵੇਗਾ | ਅੱਜ ਲੋਕ ਮੁੜ ਕਾਂਗਰਸ ਸਰਕਾਰ ਅਤੇ ਡਾ. ਮਨਮੋਹਨ ਸਿੰਘ ਨੂੰ ਯਾਦ ਕਰ ਰਹੇ ਹਨ ਜਿਨ੍ਹਾਂ ਹਰ ਮੁਸ਼ਕਿਲ ਹਾਲਤ ਵਿੱਚ ਜ਼ਰੂਰੀ ਵਸਤਾਂ ਦੀ ਕੀਮਤਾਂ ਨਹੀਂ ਵਧਣ ਦਿੱਤੀਆਂ ਸਨ | ਬੀਬੀ ਸੈਣੀ ਨੇ ਕੇਂਦਰ ਅਤੇ ਰਾਜਾਂ ਵਿੱਚ ਕਾਂਗਰਸ ਸਰਕਾਰ ਦੀ ਸਥਾਪਨਾ ਕਰਨ ਲਈ ਲੋਕਾਂ ਨੂੰ ਅਪੀਲ ਕੀਤੀ ਹੈ |