ਦਿੜ੍ਹਬਾ ਮੰਡੀ, 2 ਮਈ (ਹਰਬੰਸ ਸਿੰਘ ਛਾਜਲੀ)-ਭਾਰਤੀ ਕਿਸਾਨ ਯੂਨੀਅਨ ਏਕਤਾ (ਆਜ਼ਾਦ) ਬਲਾਕ ਦਿੜ੍ਹਬਾ ਦੇ ਆਗੂਆਂ ਦੀ ਮੀਟਿੰਗ ਗੁਰਦੁਆਰਾ ਬਾਬਾ ਬੈਰਸੀਆਣਾ ਸਾਹਿਬ ਦਿੜ੍ਹਬਾ ਵਿਖੇ ਹੋਈ | ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਸੂਬਾ ਆਗੂ ਦਿਲਬਾਗ ਸਿੰਘ ਹਰੀਗੜ੍ਹ, ਬਲਾਕ ਪ੍ਰਧਾਨ ਨਾਇਬ ਸਿੰਘ ਗੁੱਜਰਾਂ ਨੇ ਸ਼ਿਰਕਤ ਕੀਤੀ | ਕਿਸਾਨ ਆਗੂ ਦਿਲਬਾਗ ਸਿੰਘ ਹਰੀਗੜ੍ਹ ਨੇ ਕਿਹਾ ਕਿ ਰਜਿਸਟਰਾਰ ਕੋਆਪਰੇਟਿਵ ਸੁਸਾਇਟੀ ਪੰਜਾਬ ਵੱਲੋਂ 10 ਅਪ੍ਰੈਲ 2026 ਨੂੰ ਜਾਰੀ ਪੱਤਰ (ਮੀਮੋ ਨੰਬਰ ਰਸਸ/ ਰਿਨ-1 ਸੀਏ-2/79) ਰਾਹੀ ਖਾਦਾਂ, ਬੀਜਾਂ ਅਤੇ ਦਵਾਈਆਂ ਦੀਆਂ ਵਧੀਆਂ ਕੀਮਤਾਂ ਨੂੰ ਮੁੱਖ ਰੱਖਦਿਆਂ ਕਿਸਾਨਾਂ ਦੇ ਫ਼ਸਲੀ ਹੱਦ ਕਰਜ਼ਿਆਂ ਵਿੱਚ ਵਾਧਾ ਕੀਤਾ ਗਿਆ | ਫ਼ੈਸਲੇ ਨਾਲ ਕਿਸਾਨਾਂ ਨੂੰ ਆਸ ਬੱਝੀ ਸੀ ਕਿ ਖੇਤੀ ਲੋੜਾਂ ਸੁਖਾਲੀਆਂ ਪੂਰੀਆਂ ਹੋ ਜਾਣਗੀਆਂ | ਜਿਨ੍ਹਾਂ ਕਿਸਾਨਾਂ ਨੇ ਸੁਸਾਇਟੀ ਦੀਆਂ ਫ਼ਸਲੀ ਕਰਜ਼ੇ ਵਾਪਸ ਕਰ ਦਿੱਤੇ ਹਨ ਨੂੰ ਬੈਂਕ ਵੱਲੋਂ ਅਗਲਾ ਫ਼ਸਲੀ ਕਰਜ਼ਾ ਨਹੀ ਦਿੱਤਾ ਜਾ ਰਿਹਾ | ਪੰਜਾਬ ਸਰਕਾਰ ਵੱਲੋਂ ਬਣਾਈ ਗਈ ਹੱਦ ਕਰਜ਼ਾ ਵਧਾਉਣ ਵਾਲੀ ਕਮੇਟੀ ਵੱਲੋਂ ਹੱਦ ਕਰਜ਼ਾ ਵਧਾਉਣ ਦੀ ਸਿਫ਼ਾਰਸ਼ ਕੀਤੀ ਗਈ ਹੈ | ਜਿਸ ਨੂੰ ਪੰਜਾਬ ਸਰਕਾਰ ਵੱਲੋਂ ਲਾਗੂ ਵੀ ਕੀਤਾ ਗਿਆ ਹੈ | ਜਿਸ ਵਿੱਚ ਪਹਿਲਾ 14 ਤੋਂ 16 ਹਜ਼ਾਰ ਰੁਪਿਆ ਪ੍ਰਤੀ ਏਕੜ ਹੱਦ ਕਰਜ਼ਾ ਸੀ | ਹੁਣ 23 ਹਜ਼ਾਰ ਰੁਪਏ ਪ੍ਰਤੀ ਏਕੜ ਕੀਤਾ ਗਿਆ | ਕਿਉਂਕਿ ਲੇਵਰ, ਦਵਾਈਆਂ, ਬੀਜ ਅਤੇ ਹੋਰ ਖ਼ਰਚੇ ਕਾਫ਼ੀ ਵਧ ਗਏ ਹਨ | ਪ੍ਰੰਤੂ ਸਹਿਕਾਰਤਾ ਵਿਭਾਗ ਦੇ ਅਧਿਕਾਰੀ ਅਤੇ ਉਨ੍ਹਾਂ ਦੀਆਂ ਯੂਨੀਅਨਾਂ ਵਧੇ ਹੱਦ ਕਰਜ਼ੇ ਦੇਣ ਦਾ ਵਿਰੋਧ ਕਰ ਰਹੀਆਂ ਹਨ | ਜਦ ਕਿ ਕਿਸਾਨੀ ਕਰਜ਼ਾ ਨਬਾਰਡ ਬੈਂਕ ਵੱਲੋਂ ਦਿੱਤਾ ਜਾਂਦਾ ਹੈ | ਬੈਂਕਾਂ ਤਾਂ ਸਿਰਫ਼ ਲੈਣ ਦੇਣ ਹੀ ਕਰਦੀਆਂ ਹਨ | ਜਿਸ ਕਰਕੇ ਬੈਂਕਾਂ ਨੂੰ ਕੋਈ ਨੁਕਸਾਨ ਨਹੀਂ ਹੈ | ਮੁੱਖ ਮੰਤਰੀ ਦਾ ਕੀਤਾ ਫ਼ੈਸਲਾ ਬੈਂਕ ਅਧਿਕਾਰੀ ਮੰਨਣ ਤੋਂ ਇਨਕਾਰੀ ਹਨ | ਦੂਸਰੇ ਪਾਸੇ ਦੇਸ਼ ਦੇ ਸਹਿਕਾਰਤਾ ਕੇਂਦਰੀ ਮੰਤਰੀ ਅਮਿਤ ਸ਼ਾਹ ਕੋਆਪਰੇਟਿਵ ਅਦਾਰਿਆਂ ਰਾਹੀਂ ਕਿਸਾਨੀ ਨੂੰ ਉੱਪਰ ਚੁੱਕਣ ਦੀ ਗੱਲ ਕਰਦੇ ਹਨ | ਕਿਸਾਨ ਆਗੂਆਂ ਨੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਵਧਾਏ ਗਏ ਹੱਦ ਕਰਜ਼ੇ ਦੇ ਆਧਾਰ ਤੇ ਕਿਸਾਨਾਂ ਨੂੰ ਸਹਿਕਾਰੀ ਬੈਂਕਾਂ ਫ਼ਸਲੀ ਕਰਜ਼ਾ ਛੇਤੀ ਤੋਂ ਛੇਤੀ ਦੇਣ | ਜੇਕਰ ਸਰਕਾਰ ਵਿਭਾਗ ਦੇ ਅਧਿਕਾਰੀਆਂ ਦੇ ਦਬਾਅ ਹੇਠਾਂ ਆਵੇਗੀ ਤਾਂ ਬੀਕੇਯੂ ਏਕਤਾ (ਆਜ਼ਾਦ) ਵੱਲੋਂ ਤਿੱਖਾ ਸੰਘਰਸ਼ ਉਲੀਕਿਆਂ ਜਾਵੇਗਾ | 4 ਮਈ ਨੂੰ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਵਫ਼ਦ ਮਿਲ ਕੇ ਮੰਗ ਰੱਖੇਗਾ | ਇਸ ਮੌਕੇ ਜ਼ਿਲ੍ਹਾ ਆਗੂ ਗੁਰਮੇਲ ਸਿੰਘ ਕੈਪਰ, ਬਲਾਕ ਜਨਰਲ ਸਕੱਤਰ ਚਰਨਜੀਤ ਸਿੰਘ ਘਨੌੜ ਸੰਤਪੁਰਾ, ਬਲਦੇਵ ਸਿੰਘ ਉਭਿਆ, ਸਤਿਨਾਮ ਸਿੰਘ ਛੀਨਾ, ਬੱਬੂ ਹਰੀਗੜ੍ਹ, ਦੀਪ ਸਿੰਘ ਕੌਹਰੀਆਂ, ਰਣਵੀਰ ਸਿੰਘ ਬਘਰੌਲ, ਬੁੱਧ ਸਿੰਘ ਸਿੰਧੜਾ, ਦਰਬਾਰਾ ਸਿੰਘ ਖੇਤਲਾ, ਚਮਕੌਰ ਸਿੰਘ ਸਾਦੀਹਰੀ ਅਤੇ ਗੁਰਚਰਨ ਸਿੰਘ ਆਦਿ ਵੀ ਮੌਜੂਦ ਸਨ |