ਲੌਂਗੋਵਾਲ, 2 ਮਈ (ਵਿਨੋਦ, ਖੰਨਾ)-ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਸਲਾਈਟ ਲੌਂਗੋਵਾਲ ਦੇ ਫੂਡ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਵਿਭਾਗ ਦੇ ਤੀਜੇ ਸਾਲ ਦੇ ਡਿਗਰੀ ਦੇ ਵਿਦਿਆਰਥੀਆਂ ਨੇ ਪ੍ਰੈਕਟੀਕਲ ਜਾਣਕਾਰੀ ਲਈ ਕੰਧਾਰੀ ਬੇਵਰੇਜਿਜ਼ ਪ੍ਰਾਈਵੇਟ ਲਿਮਟਿਡ ਅਤੇ ਪੈਗਰੋ ਫਰੋਜ਼ਨ ਫੂਡਜ਼ ਪ੍ਰਾਈਵੇਟ ਲਿਮਟਿਡ ਦਾ ਉਦਯੋਗਿਕ ਦੌਰਾ ਕੀਤਾ | ਇਹ ਦੌਰਾ ਸਲਾਈਟ ਦੇ ਡਾਇਰੈਕਟਰ ਪ੍ਰੋ. ਮਨੀਕਾਂਤ ਪਾਸਵਾਨ ਦੇ ਯਤਨਾਂ ਅਤੇ ਅਗਵਾਈ ਹੇਠ ਕੀਤਾ ਗਿਆ | ਇਸ ਮੌਕੇ ਵਿਦਿਆਰਥੀਆਂ ਦੇ ਨਾਲ ਵਿਭਾਗ ਮੁਖੀ ਪ੍ਰੋ. ਸੀ. ਐੱਸ. ਰਿਆੜ, ਪ੍ਰੋ. ਡੀ.ਸੀ. ਸਕਸੈਨਾ, ਪ੍ਰੋ. ਸੁਖਚਰਨ ਸਿੰਘ, ਪ੍ਰੋ. ਨਵਦੀਪ ਜਿੰਦਲ, ਅਤੇ ਡਾ. ਤਜਿੰਦਰ ਕੌਰ ਵੀ ਸਨ | ਨਾਮੀ ਬ੍ਰਾਂਡ ਕੋਕਾ-ਕੋਲਾ ਕੰਪਨੀ ਦੀ ਪ੍ਰਮੁੱਖ ਬੋਤਲਿੰਗ ਭਾਈਵਾਲ ਕੰਧਾਰੀ ਬੇਵਰੇਜਿਜ਼ ਪ੍ਰਾਈਵੇਟ ਲਿਮਟਿਡ ਵਿਖੇ ਵਿਦਿਆਰਥੀਆਂ ਨੇ ਪੀਣ ਵਾਲੇ ਪਦਾਰਥਾਂ ਦੇ ਉਤਪਾਦਨ ਵਿੱਚ ਸ਼ਾਮਲ ਉੱਨਤ ਸਵੈਚਾਲਿਤ ਪ੍ਰਕਿਰਿਆਵਾਂ ਨੂੰ ਦੇਖਿਆ | ਸਿੱਖਣ ਦੇ ਮੁੱਖ ਖੇਤਰਾਂ ਵਿੱਚ ਪਾਣੀ ਦੀ ਸ਼ੁੱਧਤਾ, ਸ਼ਰਬਤ ਦੀ ਤਿਆਰੀ, ਭਰਾਈ, ਪੈਕੇਜਿੰਗ ਅਤੇ ਗੁਣਵੱਤਾ ਨਿਯੰਤਰਨ ਪ੍ਰਣਾਲੀਆਂ ਸ਼ਾਮਿਲ ਸਨ | ਇਸੇ ਤਰ੍ਹਾਂ ਪੈਗਰੋ ਫਰੋਜ਼ਨ ਫੂਡਜ਼ ਪ੍ਰਾਈਵੇਟ ਲਿਮਟਿਡ ਵਿਖੇ ਵਿਦਿਆਰਥੀਆਂ ਨੇ ਫਰੋਜ਼ਨ ਫੂਡ ਪ੍ਰੋਸੈਸਿੰਗ, ਸਟੋਰੇਜ ਤਕਨੀਕਾਂ ਅਤੇ ਗੁਣਵੱਤਾ ਭਰੋਸਾ ਪ੍ਰਣਾਲੀਆਂ ਬਾਰੇ ਸਮਝ ਪ੍ਰਾਪਤ ਕੀਤੀ | ਇਸ ਦੌਰੇ ਦੌਰਾਨ ਫੈਕਲਟੀ ਮੈਂਬਰਾਂ ਨੇ ਦੋਵਾਂ ਕੰਪਨੀਆਂ ਦੇ ਐੱਚ.ਆਰ. ਅਧਿਕਾਰੀਆਂ ਨਾਲ ਉਦਯੋਗਿਕ ਇੰਟਰਨਸ਼ਿਪਾਂ ਅਤੇ ਪਲੇਸਮੈਂਟਾਂ ਦੇ ਮੌਕਿਆਂ ਅਤੇ ਉਦਯੋਗ-ਅਕਾਦਮਿਕ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਸਲਾਈਟ ਨਾਲ ਸਮਝੌਤਾ ਪੱਤਰ 'ਤੇ ਦਸਤਖ਼ਤ ਕਰਨ ਦੀ ਸੰਭਾਵਨਾ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ | ਵਿਭਾਗ ਪ੍ਰਮੁੱਖ ਪ੍ਰੋ. ਸੀ.ਐੱਸ. ਰਿਆੜ ਨੇ ਮਨੁੱਖੀ ਸਰੋਤ ਪ੍ਰਬੰਧਕਾਂ ਵਿਕਰਮਜੀਤ ਸਿੰਘ (ਕੰਧਾਰੀ ਬੇਵਰੇਜ) ਅਤੇ ਰਿਤੇਸ਼ ਸੋਬਤੀ (ਪੈਗਰੋ ਫਰੋਜ਼ਨ ਫੂਡਜ਼) ਦਾ ਇਹਨਾਂ ਉਦਯੋਗਿਕ ਦੌਰਿਆਂ ਲਈ ਧੰਨਵਾਦ ਕੀਤਾ |