ਖਨੌਰੀ, 16 ਮਈ (ਬਲਵਿੰਦਰ ਸਿੰਘ ਥਿੰਦ) - ਤਾਮਿਲਨਾਡੂ ਤੋਂ ਆਪਣੇ ਟਰਾਲੇ ਵਿੱਚ ਹਲਦੀ ਭਰ ਕੇ ਲੁਧਿਆਣੇ ਨੂੰ ਜਾ ਰਹੇ ਇੱਕ ਟਰਾਲੇ ਦੇ ਡਰਾਈਵਰ ਦੀ ਖਨੌਰੀ ਵਿਖੇ ਪਹੁੰਚਣ ਤੇ ਦਿਲ ਦਾ ਦੌਰਾ ਪੈ ਜਾਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਹੈ | ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਤਾਮਿਲਨਾਡੂ ਤੋਂ ਟਰਾਲਾ ਨੰਬਰ ਟੀ ਐਨ 52 ਏ ਬੀ 8782 ਹਲਦੀ ਭਰ ਕੇ ਲੁਧਿਆਣਾ ਵੱਲ ਨੂੰ ਜਾ ਰਿਹਾ ਸੀ ਤੇ ਕਰੀਬ ਸਾਢੇ ਕੁ ਅੱਠ ਵਜੇ ਸਵੇਰੇ ਜਦੋਂ ਇਹ ਦਿੱਲੀ ਜੰਮੂ ਕਟੜਾ ਐਕਸਪ੍ਰੈਸ ਮਾਰਗ ਤੋਂ ਗੁਲਜ਼ਾਰ ਪੁਰ ਠਰੂਆ ਤੋਂ ਉਤਰ ਕੇ ਜਦੋਂ ਖਨੌਰੀ ਸ਼ਹਿਰ ਵਿਖੇ ਡਰੇਨ ਕੋਲ ਪਹੁੰਚੇ ਤਾਂ ਡਰਾਈਵਰ ਮਰੂਗੇਸ਼ਨ ਪੇਰੂਮਲ (48) ਦੀ ਅਚਾਨਕ ਇਕੋ ਦਮ ਤਬੀਅਤ ਖਰਾਬ ਹੋਣ ਤੇ ਉਸਨੇ ਟਰਾਲਾ ਰੋਕ ਕੇ ਆਪਣੇ ਸਹਿਚਾਲਕ ਨੂੰ ਕਿਹਾ ਤੇ ਜਦੋਂ ਸਹਿਚਾਲਕ ਨੇੜੇ ਹੀ ਖਨੌਰੀ ਦੇ ਇਕ ਦੁਕਾਨਦਾਰ ਕੋਲ ਗਿਆ ਤੇ ਕਿਹਾ ਕਿ ਡਰਾਈਵਰ ਦੀ ਤਬੀਅਤ ਖਰਾਬ ਹੈ ਤੇ ਉਸ ਨੂੰ ਕਿਸੇ ਹਸਪਤਾਲ ਲਿਜਾਣਾ ਹੈ ਤਾਂ ਉਸ ਦੁਕਾਨ ਵਾਲੇ ਨੇ ਖਨੌਰੀ ਦੇ ਇੱਕ ਡਾਕਟਰ ਨੂੰ ਫ਼ੋਨ ਕਰਕੇ ਬੁਲਾਇਆ ਤੇ ਜਦੋਂ ਡਾਕਟਰ ਨੇ ਆ ਕੇ ਦੇਖਿਆ ਤਾਂ ਡਰਾਈਵਰ ਮਰੂਗੇਸ਼ਨ ਪੇਰੂਮਲ ਦੀ ਮੌਤ ਹੋ ਚੁੱਕੀ ਸੀ | ਡਾਕਟਰ ਨੇ ਦੱਸਿਆ ਕਿ ਇਸ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਨਾਲ ਹੋਈ ਹੈ | ਇਸ ਦੀ ਸੂਚਨਾ ਮਿਲਣ ਤੇ ਖਨੌਰੀ ਪੁਲਿਸ ਵੀ ਮੌਕੇ ਤੇ ਪਹੁੰਚ ਗਈ | ਮਿ੍ਤਕ ਡਰਾਈਵਰ ਸਾਲਮ ਸਨਕਾਰੀ ਤਾਮਿਲਨਾਡੂ ਦਾ ਰਹਿਣ ਵਾਲਾ ਹੈ | ਪੁਲਿਸ ਨੇ ਮਿ੍ਤਕ ਡਰਾਈਵਰ ਦੀ ਲਾਸ਼ ਨੂੰ ਮੂਨਕ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਸੀ ਅਤੇ ਉਸਦੇ ਵਾਰਸਾਂ ਨੂੰ ਸੂਚਨਾ ਦੇ ਦਿੱਤੀ ਸੀ ਅਤੇ ਅਗਲੀ ਕਾਰਵਾਈ ਉਹਨਾਂ ਦੇ ਵਾਰਸਾਂ ਦੇ ਆਉਣ ਤੇ ਹੀ ਕੀਤੀ ਜਾਵੇਗੀ | ਜਿਕਰਯੋਗ ਹੈ ਕਿ ਟਰੱਕ ਯੂਨੀਅਨ ਖਨੌਰੀ ਦੇ ਸਮੂਹ ਡਰਾਈਵਰਾਂ ਵਲੋਂ ਆਪਣੇ ਕੋਲੋਂ ਪੈਸੇ ਇਕੱਠੇ ਕਰ ਕੇ ਕੁਝ ਲਾਸ਼ ਨੂੰ ਮੋਰਚਰੀ ਤੱਕ ਛੱਡਣ ਵਾਲਿਆਂ ਨੂੰ ਅਤੇ ਕੁਝ ਸਹਿਚਾਲਕ ਨੂੰ ਦਿੱਤੇ ਅਤੇ ਉਨ੍ਹਾਂ ਨੇ ਟਰਾਲੇ ਨੂੰ ਵੀ ਸੁਰੱਖਿਅਤ ਥਾਂ ਟਰੱਕ ਯੂਨੀਅਨ ਖਨੌਰੀ ਵਿਖੇ ਲਗਵਾਇਆ |