ਸੰਗਰੂਰ, 23 ਮਈ (ਅਮਨਦੀਪ ਸਿੰਘ ਬਿੱਟਾ) - ਕੰਪਿਊਟਰ ਅਧਿਆਪਕ ਟੀਚਰਜ਼ ਯੂਨੀਅਨ ਦੀ ਸੰਗਰੂਰ ਇਕਾਈ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਸੋਮਲ, ਸੂਬਾ ਕਮੇਟੀ ਮੈਂਬਰ ਨਰਦੀਪ ਸ਼ਰਮਾ ਦੀ ਅਗਵਾਈ ਹੇਠ ਹੋਈ | ਮੀਟਿੰਗ ਦੌਰਾਨ ਫੈਸਲਾ ਲਿਆ ਗਿਆ ਕਿ ਪੰਜਾਬ ਸਰਕਾਰ ਦੇ ਝੂਠੇ ਵਾਅਦਿਆਂ, ਲਾਰਿਆਂ ਤੋਂ ਤੰਗ ਅਤੇ ਵਿਭਾਗ ਦੀ ਕੰਪਿਊਟਰ ਅਧਿਆਪਕਾਂ ਵਿਰੋਧੀ ਨੀਤੀ ਤਹਿਤ 28 ਮਈ ਨੂੰ ਡੀ.ਜੀ.ਐਸ.ਈ. ਦਫ਼ਤਰ ਮੋਹਾਲੀ ਦਾ ਘਿਰਾਓ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਪੰਜਾਬ ਦੇ 6640 ਕੰਪਿਊਟਰ ਅਧਿਆਪਕਾਂ ਨੂੰ 2 ਦਸੰਬਰ 2010 ਵਿੱਚ ਰਾਜਪਾਲ ਦੀ ਪ੍ਰਵਾਨਗੀ ਨਾਲ ਪੰਜਾਬ ਸਰਕਾਰ ਵੱਲੋਂ ਜਾਰੀ ਰੈਗੂਲਰ ਨੋਟੀਫ਼ਿਕੇਸ਼ਨ ਅਤੇ 2011 ਵਿੱਚ ਰੈਗੂਲਰ ਨਿਯੁਕਤੀ ਪੱਤਰ ਮਿਲਣ ਦੇ ਬਾਵਜੂਦ ਸੋਸਾਇਟੀ (ਪਿਕਟਸ) ਦੇ ਨਾਮ ਉੱਤੇ ਗੁਮਰਾਹ ਕੀਤਾ ਜਾ ਰਿਹਾ ਹੈ | ਮਾਨਯੋਗ ਹਾਈਕੋਰਟ ਦੇ ਕੰਪਿਊਟਰ ਅਧਿਆਪਕਾਂ ਦੇ ਹੱਕ ਵਿੱਚ ਆਏ ਫ਼ੈਸਲੇ ਨੂੰ ਲਾਗੂ ਕਰਨ ਦੀ ਥਾਂ ਪੰਜਾਬ ਸਰਕਾਰ ਸੁਪਰੀਮ ਕੋਰਟ ਚਲੀ ਗਈ ਹੈ ਅਤੇ ਕੰਪਿਊਟਰ ਅਧਿਆਪਕਾਂ ਦੀ ਮੰਗਾਂ ਮੰਨਣ ਤੋਂ ਟਾਲਾਂ ਵਟਿਆਂ ਜਾ ਰਿਹਾ ਹੈ | ਆਗੂਆਂ ਨੇ ਰੋਸ ਪ੍ਰਗਟਾਇਆ ਕਿ ਸਰਕਾਰ ਕੇਵਲ ਵੋਟਾਂ ਵੇਲੇ ਵਾਅਦੇ ਕਰਦੀ ਹੈ ਪਰ ਅਮਲੀ ਰੂਪ ਵਿੱਚ ਉਨ੍ਹਾਂ ਵਾਅਦਿਆਂ ਨੂੰ ਲਾਗੂ ਕਰਨ ਤੋਂ ਭੱਜ ਜਾਂਦੀ ਹੈ | ਅਧਿਆਪਕਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਜਦੋਂ 2 ਦਸੰਬਰ 2010 ਦਾ ਨੋਟੀਫ਼ਿਕੇਸ਼ਨ, ਸਰਕਾਰ ਦੇ ਚੋਣ ਮੈਨੀਫੈਸਟੋ ਵਿੱਚ ਕੀਤਾ ਵਾਅਦਾ, 15 ਸਤੰਬਰ 2022 ਨੂੰ ਸਿੱਖਿਆ ਮੰਤਰੀ ਦਾ ਐਲਾਨ ਲਾਗੂ ਨਹੀ ਕੀਤਾ ਜਾਂਦਾ ਸੰਘਰਸ਼ ਜਾਰੀ ਰਹੇਗਾ | ਇਸ ਮੌਕੇ ਹਰਵਿੰਦਰ ਸਿੰਘ, ਕੁਲਦੀਪ ਸਿੰਘ, ਵਰਿੰਦਰ ਹੰਸ, ਤੇਜਿੰਦਰ ਬਾਂਸਲ, ਜਸਵਿੰਦਰ ਸਿੰਘ, ਰਾਜਪਾਲ ਆਦਿ ਮੌਜੂਦ ਸਨ |