ਸ਼ੇਰਪੁਰ, 23 ਮਈ (ਮੇਘ ਰਾਜ ਜੋਸ਼ੀ)- ਪੰਜਾਬ ਸਰਕਾਰ ਵਲੋਂ ਭਿਆਨਕ ਗਰਮੀ ਨੂੰ ਦੇਖਦਿਆਂ ਸਰਕਾਰੀ ਅਤੇ ਸਹਾਇਤਾ ਪ੍ਰਾਪਤ ਸਕੂਲਾਂ ਦਾ ਸਮਾਂ ਸਵੇਰੇ 7:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਕਰਨ ਦੇ ਫ਼ੈਸਲੇ 'ਤੇ ਅਧਿਆਪਕ ਆਗੂਆਂ ਅਤੇ ਲੋਕਾਂ ਵੱਲੋਂ ਮਿਲੀ-ਜੁਲੀ ਪ੍ਰਤੀਕਿਰਿਆ ਸਾਹਮਣੇ ਆ ਰਹੀ ਹੈ | ਸੋਸ਼ਲ ਮੀਡੀਆ 'ਤੇ ਵੀ ਇਸ ਫ਼ੈਸਲੇ ਨੂੰ ਲੈ ਕੇ ਤਿੱਖੇ ਵਿਅੰਗ ਕੀਤੇ ਜਾ ਰਹੇ ਹਨ ਤੇ ਹਾਸੋਹੀਣਾ ਦੱਸਿਆ ਜਾ ਰਿਹਾ ਹੈ | ਅਧਿਆਪਕ ਆਗੂ ਕੁਲਵੰਤ ਸਿੰਘ ਫ਼ਤਿਹਗੜ੍ਹ ਪੰਜਗਰਾਈਆਂ, ਕੁਲਵਿੰਦਰ ਸਿੰਘ ਖੇੜੀ ਅਤੇ ਡੀ.ਟੀ.ਐਫ. ਦੇ ਆਗੂ ਮਹਿੰਦਰ ਪ੍ਰਤਾਪ ਨੇ ਕਿਹਾ ਕਿ ਸਰਕਾਰ ਵੱਲੋਂ ਕੀਤੀ ਗਈ ਸਿਰਫ਼ ਅੱਧੇ ਘੰਟੇ ਦੀ ਕਟੌਤੀ ਨਾਲ ਬੱਚਿਆਂ ਨੂੰ ਕੋਈ ਵੱਡੀ ਰਾਹਤ ਨਹੀਂ ਮਿਲਣੀ | ਉਨ੍ਹਾਂ ਕਿਹਾ ਕਿ ਦੁਪਹਿਰ 1:30 ਵਜੇ ਤੱਕ ਗਰਮੀ ਅਤੇ ਲੂ ਦਾ ਪ੍ਰਭਾਵ ਕਾਫ਼ੀ ਵੱਧ ਜਾਂਦਾ ਹੈ, ਜਿਸ ਕਰਕੇ ਵਿਦਿਆਰਥੀਆਂ, ਖ਼ਾਸ ਕਰਕੇ ਛੋਟੇ ਬੱਚਿਆਂ ਨੂੰ ਘਰ ਪਹੁੰਚਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ | ਉਨ੍ਹਾਂ ਤੰਜ਼ ਕਰਦਿਆਂ ਕਿਹਾ ਕਿ 'ਪੂਰੇ ਅੱਧੇ ਘੰਟੇ ਦੀ ਇਤਿਹਾਸਕ ਕਟੌਤੀ ਕਰਕੇ ਸਰਕਾਰ ਨੇ ਸੂਰਜ ਦੇਵਤੇ ਨੂੰ ਵੀ ਸੋਚਾਂ ਵਿੱਚ ਪਾ ਦਿੱਤਾ ਹੈ |' ਆਗੂਆਂ ਨੇ ਕਿਹਾ ਕਿ ਜੇ ਸਰਕਾਰ ਸੱਚਮੁੱਚ ਬੱਚਿਆਂ ਦੀ ਸਿਹਤ ਪ੍ਰਤੀ ਗੰਭੀਰ ਹੈ ਤਾਂ ਸਕੂਲਾਂ ਦੇ ਸਮੇਂ 'ਚ ਹੋਰ ਵੱਡੀ ਤਬਦੀਲੀ ਜਾਂ ਗਰਮੀ ਦੀਆਂ ਛੁੱਟੀਆਂ ਬਾਰੇ ਵੀ ਵਿਚਾਰ ਕਰਨਾ ਚਾਹੀਦਾ ਹੈ | ਸੋਸ਼ਲ ਮੀਡੀਆ 'ਤੇ ਵੀ ਲੋਕਾਂ ਵਲੋਂ ਕਿਹਾ ਜਾ ਰਿਹਾ ਹੈ ਕਿ ਹੁਣ 1:30 ਵਜੇ ਵਾਲੀ Tਠੰਢੀ-ਠੰਢੀUਲੂ ਵਿੱਚ ਬੱਚਿਆਂ ਨੂੰ ਘਰ ਭੇਜ ਕੇ ਸਰਕਾਰ ਨੇ ਵੱਡੀ ਰਾਹਤ ਦੇਣ ਦਾ ਦਾਅਵਾ ਕੀਤਾ ਹੈ | ਲੋਕਾਂ ਨੇ ਸਿੱਖਿਆ ਵਿਭਾਗ ਦੇ ਇਸ ਫ਼ੈਸਲੇ ਨੂੰ ਨਾਕਾਫ਼ੀ ਦੱਸਦਿਆਂ ਮੁੜ ਵਿਚਾਰ ਦੀ ਮੰਗ ਕੀਤੀ ਹੈ | ਮਾਪਿਆਂ ਦਾ ਕਹਿਣਾ ਹੈ ਕੇ ਲੱਗਦਾ ਹੈ ਇਹ ਫ਼ੈਸਲਾ ਏ. ਸੀਂ ਕਮਰਿਆਂ 'ਚ ਬੈਠ ਕੇ ਕੀਤਾ ਗਿਆ ਹੈ ਤਾਂ ਜੋ 2 ਵਜੇ ਦੀ ਥਾਂ 1.30 ਵਜੇ ਗਰਮੀ ਕਿੰਨੀ ਘੱਟ ਜਾ ਵੱਧ ਹੁੰਦੀ ਹੈ ਇਹ ਪਤਾ ਨੀ ਲੱਗ ਸਕਿਆ |