ਸੰਗਰੂਰ, 23 ਮਈ (ਸੁਖਵਿੰਦਰ ਸਿੰਘ ਫੁੱਲ)- ਜ਼ਿਲ੍ਹਾ ਸੰਗਰੂਰ 'ਚ 4 ਅਤੇ ਜ਼ਿਲ੍ਹਾ ਮਲੇਰਕੋਟਲਾ 'ਚ 2 ਨਗਰ ਕੌਂਸਲਾਂ ਦੀਆਂ ਹੋ ਰਹੀਆਂ ਚੋਣਾਂ ਵੱਖ-ਵੱਖ ਸਿਆਸੀ ਪਾਰਟੀਆਂ ਵਲੋਂ ਵਿਧਾਨ ਸਭਾ ਦੀਆਂ 2027 ਲਈ ਹੋਣ ਵਾਲੀਆਂ ਚੋਣਾਂ ਦੇ ਸੈਮੀਫਾਈਨਲ ਵਜੋਂ ਲੜੀਆਂ ਜਾ ਰਹੀਆਂ ਹਨ | ਸੁਨਾਮ ਨਗਰ ਕੌਂਸਲ ਦੀਆਂ ਚੋਣਾਂ ਵਿਸ਼ੇਸ਼ ਦਿਲਚਸਪੀ ਦਾ ਸਬੱਬ ਬਣੀਆਂ ਹੋਈਆਂ ਹਨ | ਇੱਥੇ ਸਾਰੇ 23 ਵਾਰਡਾਂ ਵਿੱਚ ਆਮ ਆਦਮੀ ਪਾਰਟੀ ਨੇ ਉਮੀਦਵਾਰ ਖੜ੍ਹੇ ਕੀਤੇ ਹੋਏ ਹਨ ਜਦਕਿ ਭਾਜਪਾ ਨੇ 8, ਅਕਾਲੀ ਦਲ(ਬ) ਨੇ 9, ਕਾਂਗਰਸ ਨੇ 5 ਉਮੀਦਵਾਰ ਖੜ੍ਹੇ ਕੀਤੇ ਹਨ | ਇੱਥੇ 40 ਆਜ਼ਾਦ ਉਮੀਦਵਾਰ ਵੀ ਕਿਸਮਤ ਅਜ਼ਮਾ ਰਹੇ ਹਨ | ਇੱਥੇ ਆਮ ਆਦਮੀ ਪਾਰਟੀ ਦੇ ਵਿਰੋਧ ਵਿਚ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਨੇ ਇੱਕਮੁੱਠ ਹੋ ਕੇ ਚੋਣ ਲੜਨ ਦਾ ਐਲਾਨ ਕਰ ਰੱਖਿਆ ਹੈ | ਅਕਾਲੀ ਦਲ ਪੁਨਰ ਸੁਰਜੀਤ ਵੀ ਇਸ ਗੱਠਜੋੜ ਨਾਲ ਚੱਲ ਰਿਹਾ ਹੈ | ਭਵਾਨੀਗੜ੍ਹ ਵਿਚ ਨਗਰ ਕੌਂਸਲ ਦੇ 15 ਵਾਰਡਾਂ ਲਈ 66 ਉਮੀਦਵਾਰ ਮੈਦਾਨ ਵਿਚ ਹਨ, ਜਿਨ੍ਹਾਂ ਵਿਚੋਂ ਸਾਰੇ 15 ਵਾਰਡਾਂ 'ਤੇ ਆਪ, ਕਾਂਗਰਸ ਅਤੇ ਅਕਾਲੀ ਦਲ ਨੇ ਉਮੀਦਵਾਰ ਖੜ੍ਹੇ ਕੀਤੇ ਹੋਏ ਹਨ | ਭਾਜਪਾ ਨੇ 14 ਅਤੇ ਬਸਪਾ ਨੇ 1 ਵਾਰਡ 'ਤੇ ਆਪਣਾ ਉਮੀਦਵਾਰ ਖੜ੍ਹਾ ਕੀਤਾ ਹੈ | ਜਦਕਿ 6 ਆਜ਼ਾਦ ਉਮੀਦਵਾਰ ਵੀ ਚੋਣ ਲੜ ਰਹੇ ਹਨ | ਅਕਾਲੀ ਦਲ ਪੁਨਰ ਸੁਰਜੀਤ ਦਾ ਇੱਥੇ ਕੋਈ ਉਮੀਦਵਾਰ ਨਹੀਂ ਹੈ | ਇਸ ਸੰਬੰਧੀ ਪਾਰਟੀ ਆਗੂ ਬਾਬੂ ਪ੍ਰਕਾਸ਼ ਚੰਦ ਗਰਗ ਨਾਲ ਗੱਲ ਹੋਈ ਤਾਂ ਉਨ੍ਹਾਂ ਕਿਹਾ ਕਿ ਸੱਤਾਧਾਰੀ ਪਾਰਟੀ ਦੇ ਡਰ ਕਾਰਨ ਅਕਾਲੀ ਦਲ ਪੁਨਰ ਸੁਰਜੀਤ ਦਾ ਕੋਈ ਉਮੀਦਵਾਰ ਤਿਆਰ ਨਹੀਂ ਹੋਇਆ | ਨਗਰ ਕੌਂਸਲ ਲੌਂਗੋਵਾਲ ਦੇ 15 ਵਾਰਡਾਂ ਵਿਚ ਆਮ ਆਦਮੀ ਪਾਰਟੀ ਸਾਰੇ ਵਾਰਡਾਂ 'ਤੇ ਚੋਣ ਲੜ ਰਹੀ ਹੈ ਜਦਕਿ ਕਾਂਗਰਸ 6 ਵਾਰਡਾਂ ਵਿਚ, ਅਕਾਲੀ ਦਲ 3 ਅਤੇ ਭਾਜਪਾ 1 ਵਾਰਡ ਵਿਚ ਚੋਣ ਮੈਦਾਨ ਵਿਚ ਹੈ | ਧੂਰੀ ਦੇ 21 ਵਾਰਡਾਂ ਵਿਚ ਆਮ ਆਦਮੀ ਪਾਰਟੀ ਦੇ 5 ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਕਰਾਰ ਦਿੱਤੇ ਜਾ ਚੁੱਕੇ ਹਨ | ਇੱਥੇ ਕੁੱਲ 64 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ | ਨਗਰ ਪੰਚਾਇਤ ਅਮਰਗੜ੍ਹ ਦੇ ਕੁੱਲ 11 ਵਾਰਡਾਂ ਵਿਚੋਂ ਕਾਂਗਰਸ, ਆਪ, ਭਾਜਪਾ ਅਤੇ ਇਕਬਾਲ ਸਿੰਘ ਝੂੰਦਾਂ ਨਾਲ ਸੰਬੰਧਿਤ 10-10 ਉਮੀਦਵਾਰ ਮੈਦਾਨ ਵਿਚ ਹਨ | ਅਕਾਲੀ ਦਲ (ਬ) ਨੇ 6 ਅਤੇ ਬਸਪਾ ਨੇ 1 ਉਮੀਦਵਾਰ ਖੜ੍ਹਾ ਕੀਤਾ ਹੈ ਜਦਕਿ 19 ਆਜ਼ਾਦ ਉਮੀਦਵਾਰ ਵੀ ਚੋਣ ਲੜ ਰਹੇ ਹਨ | ਅਹਿਮਦਗੜ੍ਹ ਦੀ ਨਗਰ ਕੌਂਸਲ ਲਈ ਕੁੱਲ 17 ਵਾਰਡਾਂ ਵਿਚੋਂ ਕਾਂਗਰਸ 16, ਆਪ 15, ਅਕਾਲੀ ਦਲ 11 ਅਤੇ ਭਾਜਪਾ 10 ਵਾਰਡਾਂ ਵਿਚ ਚੋਣ ਲੜ ਰਹੀ ਹੈ | ਅਕਾਲੀ ਦਲ ਪੁਨਰ ਸੁਰਜੀਤ ਵੱਲੋਂ 7 ਆਜ਼ਾਦ ਉਮੀਦਵਾਰ ਖੜ੍ਹੇ ਕੀਤੇ ਗਏ ਹਨ ਜਿਨ੍ਹਾਂ ਲਈ ਇਕਬਾਲ ਸਿੰਘ ਝੂੰਦਾਂ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ | ਇਸੇ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਸੰਗਰੂਰ ਡਾ. ਰਵਜੋਤ ਗਰੇਵਾਲ ਨੇ ਚੋਣਾਂ ਪਾਰਦਰਸ਼ੀ, ਨਿਰਪੱਖ ਅਤੇ ਸ਼ਾਂਤੀਪੂਰਨ ਕਰਵਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਹਨ | ਭਗੌੜਿਆਂ ਨੂੰ ਗਿ੍ਫ਼ਤਾਰ ਕਰਨ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਚੋਣਾਂ ਦੌਰਾਨ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ |