ਮਲੇਰਕੋਟਲਾ, 12 ਜੂਨ (ਮਨਜਿੰਦਰ ਸਿੰਘ ਸਰੌਦ) - ਸੂਬੇ ਦੇ ਇਤਿਹਾਸਕ ਸ਼ਹਿਰ ਮਲੇਰਕੋਟਲਾ ਨੂੰ ਜ਼ਿਲ੍ਹੇ ਵਜੋਂ ਹੋਂਦ ਵਿੱਚ ਆਇਆ ਕਰੀਬ ਅੱਧਾ ਦਹਾਕਾ ਬੀਤ ਚੁੱਕਿਆ ਹੈ | ਜ਼ਿਲ੍ਹਾ ਬਣਨ ਤੋਂ ਲੈ ਕੇ ਅੱਜ ਤੱਕ ਮਲੇਰਕੋਟਲਾ ਸ਼ਹਿਰ ਬਹੁਤ ਸਾਰੀਆਂ ਬੁਨਿਆਦੀ ਸਹੂਲਤਾਂ ਤੋਂ ਸੱਖਣਾ ਹੋਣ ਦੇ ਚੱਲਦਿਆਂ ਕਈ ਜ਼ਰੂਰੀ ਮੁੱਦਿਆਂ ਦੇ ਕਾਰਨ ਅਕਸਰ ਚਰਚਾ ਵਿੱਚ ਰਹਿੰਦਾ ਹੈ | ਜੇਕਰ ਸ਼ਹਿਰ ਅੰਦਰ ਬੇਹੱਦ ਉਲਝ ਚੁੱਕੀ ਟਰੈਫ਼ਿਕ ਦੀ ਗੱਲ ਕਰੀਏ ਤਾਂ ਸ਼ਾਇਦ ਇੱਥੋਂ ਦੇ ਵਾਸੀ ਹੁਣ ਟਰੈਫ਼ਿਕ ਨਾਲ ਜੂਝਣਾ ਸਿੱਖ ਗਏ ਹਨ | ਸ਼ਹਿਰ ਦੇ ਕਈ ਬਾਜ਼ਾਰਾਂ ਤੋਂ ਇਲਾਵਾ ਸ਼ਹਿਰ ਦੇ ਵਿੱਚੋਂ ਦੀ ਗੁਜ਼ਰਦੀ ਸੰਗਰੂਰ-ਲੁਧਿਆਣਾ ਮੁੱਖ ਸੜਕ 'ਤੇ ਹਰ ਰੋਜ਼ ਟਰੈਫ਼ਿਕ ਜਾਮ ਦੀ ਸਥਿਤੀ ਬੇਹੱਦ ਗੰਭੀਰ ਹੋ ਚੁੱਕੀ ਹੈ | ਮੁੱਖ ਸੜਕ ਤੇ ਜਾਮ ਲੱਗਣ ਕਾਰਨ ਹੁਣ ਰਾਹਗੀਰਾਂ ਵੱਲੋਂ ਆਪਣੇ ਬਦਲਵੇਂ ਰਸਤੇ ਵਜੋਂ ਸਥਾਨਕ ਟਰੱਕ ਯੂਨੀਅਨ ਤੋਂ ਕਿਲ੍ਹਾ ਰਹਿਮਤਗੜ੍ਹ ਨੂੰ ਜਾਂਦੀ ਸੜਕ ਨੂੰ ਵਰਤਿਆ ਜਾਣ ਲੱਗਿਆ ਹੈ ਪਰ ਇਸ ਸੜਕ ਉੱਤੇ ਪਏ ਨਰਕ ਕੁੰਭੀ ਖੱਡਿਆਂ ਨੇ ਰਾਹਗੀਰਾਂ ਨੂੰ ਲੰਘਣਾ ਦੁੱਭਰ ਕਰ ਦਿੱਤਾ ਹੈ | ਭਾਵੇਂ ਨਾਭਾ-ਮਾਲੇਰਕੋਟਲਾ ਮੁੱਖ ਸੜਕ ਤੋਂ ਸ਼ੁਰੂ ਹੋ ਕੇ ਸੜਕ ਦਾ ਕੁੱਝ ਹਿੱਸਾ ਬਣ ਵੀ ਚੁੱਕਿਆ ਹੈ ਪਰ ਬਾਕੀ ਹਿੱਸਾ ਅਧੂਰਾ ਹੈ | ਹੋਮਿਉਪੈਥੀ ਡਾਕਟਰ ਰਣਜੀਤ ਸਿੰਘ ਕੁਠਾਲਾ ਤੇ ਸਥਾਨਕ ਵਾਸੀਆਂ ਨੇ ਆਖਿਆ ਕਿ ਇਸ ਸੜਕ ਦੀ ਵਰਤੋਂ ਹੁਣ ਬਹੁਤ ਜ਼ਿਆਦਾ ਹੋਣ ਕਾਰਨ ਸੜਕ ਦੀ ਹਾਲਤ ਬਹੁਤ ਮੰਦੀ ਹੋ ਚੁੱਕੀ ਹੈ ਕਿਉਂਕਿ ਇਹ ਸੜਕ ਪਟਿਆਲਾ-ਸੰਗਰੂਰ-ਲੁਧਿਆਣਾ ਮੁੱਖ ਮਾਰਗ ਨੂੰ ਆਪਸ ਵਿੱਚ ਜੋੜਦੀ ਹੈ ਤੇ ਨਵੀਂ ਕਚਹਿਰੀ ਵੀ ਇਸ ਸੜਕ 'ਤੇ ਸਥਿਤ ਹੋਣ ਕਾਰਨ ਆਵਾਜਾਈ ਬਹੁਤ ਜ਼ਿਆਦਾ ਹੈ | ਸਥਾਨਕ ਵਾਸੀਆਂ ਨੇ ਆਖਿਆ ਕਿ ਚੰਗਾ ਹੋਵੇ ਜੇਕਰ ਸਬੰਧਿਤ ਵਿਭਾਗ ਸੜਕ ਦੀ ਸਾਰ ਲੈਂਦਿਆਂ ਇਸ ਦੀ ਮੁਰੰਮਤ ਕਰੇ ਤਾਂ ਕਿ ਰਾਹਗੀਰਾਂ ਨੂੰ ਆਪਣੀ ਮੰਜ਼ਿਲ ਦੇ ਵੱਲ ਜਾਣ ਦੇ ਲਈ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ | ਸਬੰਧਿਤ ਵਿਭਾਗ ਨੂੰ ਚਾਹੀਦਾ ਹੈ ਕਿ ਨਰਕ ਕੁੰਭੀ ਖੱਡਿਆਂ ਦਾ ਰੂਪ ਧਾਰਨ ਕਰਦੀ ਜਾ ਰਹੀ ਇਸ ਸੜਕ ਦੀ ਮੁਰੰਮਤ ਕੀਤੀ ਜਾਵੇ ਤਾਂ ਕਿ ਸਥਾਨਕ ਵਾਸੀਆਂ ਤੇ ਰਾਹਗੀਰਾਂ ਨੂੰ ਸੁੱਖ ਦਾ ਸਾਹ ਆਵੇ |